
ਲੁਧਿਆਣਾ, 26 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਨੇ ਅੱਜ ਭਾਮੀਆਂ ਰੋਡ ਫੁੱਟਬਾਲ ਗਰਾਊਂਡ ਵਿਖੇ ਕਰੀਬ ₹5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅਤਿ-ਆਧੁਨਿਕ ਖੇਡ ਸਟੇਡੀਅਮ ਦੇ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ ਕਰਵਾਇਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਖਿਡਾਰੀ, ਨੌਜਵਾਨ, ਪਾਰਟੀ ਵਰਕਰ ਅਤੇ ਜਨ ਪ੍ਰਤੀਨਿਧੀ ਮੌਜੂਦ ਰਹੇ। ਸਮਾਗਮ ਦੌਰਾਨ ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਬੀਤੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਆਪਣੀਆਂ ਜ਼ਿਆਦਾਤਰ ਗਰੰਟੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਕੇ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਕਰੀਬ 90 ਫੀਸਦੀ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਰਹਿੰਦੇ ਪ੍ਰੋਜੈਕਟ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਹੁਣ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਇਹ ਵਿਸ਼ਾਲ ਸਟੇਡੀਅਮ ਇਲਾਕੇ ਦੇ ਨੌਜਵਾਨਾਂ ਲਈ ਇੱਕ ਵੱਡਾ ਤੋਹਫ਼ਾ ਸਾਬਤ ਹੋਵੇਗਾ।
ਵਿਧਾਇਕ ਗਰੇਵਾਲ ਨੇ ਦੱਸਿਆ ਕਿ ਨਵੇਂ ਸਟੇਡੀਅਮ ਵਿੱਚ ਖਿਡਾਰੀਆਂ ਅਤੇ ਨੌਜਵਾਨਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇੱਥੇ ਫੁੱਟਬਾਲ, ਵਾਲੀਬਾਲ, ਬਾਸਕਟਬਾਲ ਅਤੇ ਕ੍ਰਿਕਟ ਲਈ ਵਿਸ਼ੇਸ਼ ਗਰਾਊਂਡ, ਆਧੁਨਿਕ ਇਨਡੋਰ ਜਿਮ, ਲਾਇਬ੍ਰੇਰੀ, ਬੈਠਣ ਦੀਆਂ ਸੁਵਿਧਾਵਾਂ ਅਤੇ ਹੋਰ ਲੋੜੀਂਦਾ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਖਿਡਾਰੀਆਂ ਨੂੰ ਅਭਿਆਸ ਲਈ ਵਧੀਆ ਮਾਹੌਲ ਮਿਲੇਗਾ, ਸਗੋਂ ਇਲਾਕੇ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਆਪਣਾ ਹੁਨਰ ਨਿਖਾਰਨ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ‘ਤੇ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ।
ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸਟੇਡੀਅਮ ਦਾ ਨਿਰਮਾਣ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਖਿਡਾਰੀ ਜਲਦ ਤੋਂ ਜਲਦ ਇਸ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਹੈ। ਇਸ ਲਈ ਸੂਬੇ ਭਰ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੂਰਬੀ ਵਿੱਚ ਵਿਕਾਸ ਦੀ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਰ ਕਈ ਨਵੇਂ ਵਿਕਾਸ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਕੇਵਲ ਇੱਕ ਖੇਡ ਮੈਦਾਨ ਨਹੀਂ, ਸਗੋਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਖੇਡ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ।
ਇਸ ਮੌਕੇ ਅੰਕੁਰ ਗੁਲਾਟੀ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਜਸਪਾਲ ਗਰੇਵਾਲ, ਕੌਂਸਲਰ ਸੁਖਮੇਲ ਗਰੇਵਾਲ, ਰਾਜ ਗਰੇਵਾਲ, ਕੁਲਵਿੰਦਰ ਗਰੇਵਾਲ, ਰਾਜੂ ਗਰੇਵਾਲ, ਮਨਵੀਰ ਸੰਧੂ, ਪਰਵਿੰਦਰ ਗਿੰਦਰਾ, ਲਖਵਿੰਦਰ ਲੱਖਾ ਸਮੇਤ ਹੋਰ ਕਈ ਜਨ ਪ੍ਰਤੀਨਿਧੀ, ਪਾਰਟੀ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਰਹੇ। ਸਮਾਗਮ ਦੌਰਾਨ ਲੋਕਾਂ ਨੇ ਸਟੇਡੀਅਮ ਪ੍ਰੋਜੈਕਟ ਦਾ ਸਵਾਗਤ ਕਰਦਿਆਂ ਇਸ ਨੂੰ ਇਲਾਕੇ ਦੇ ਨੌਜਵਾਨਾਂ ਲਈ ਇੱਕ ਇਤਿਹਾਸਕ ਪਹਿਲ ਕਰਾਰ ਦਿੱਤਾ।
