
ਤਰਨ ਤਾਰਨ, 17 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਆਰਥਿਕ ਸਹਾਇਤਾ ਲਈ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਚੋਹਲਾ ਸਾਹਿਬ ਵਿੱਚ ਇੱਕ ਕਥਿਤ ਵੱਡੀ ਬੇਨਿਯਮਤਾ ਸਾਹਮਣੇ ਆਈ ਹੈ। ਮੁੱਢਲੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਖਡੂਰ ਸਾਹਿਬ ਹਲਕੇ ਦੀਆਂ 62 ਮਹਿਲਾਵਾਂ ਦੀ ਰਜਿਸਟ੍ਰੇਸ਼ਨ ਇੱਕੋ ਹੀ ਬੈਂਕ ਖਾਤਾ ਨੰਬਰ ਨਾਲ ਕੀਤੀ ਗਈ, ਜਿਸ ਤੋਂ ਬਾਅਦ ਵਿਭਾਗ ਅਤੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਵਿਭਾਗ ਨੇ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਦਕਿ ਪੁਲਿਸ ਨੇ ਇੱਕ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਥਿਤ ਘਪਲਾ
ਮਿਲੀ ਜਾਣਕਾਰੀ ਅਨੁਸਾਰ, ਪਿੰਡ ਭੈਲ ਢਾਏਵਾਲਾ ਦੀ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੂੰ ਹੋਰ ਆਂਗਣਵਾੜੀ ਵਰਕਰਾਂ ਦੀ ਤਰ੍ਹਾਂ ਯੋਜਨਾ ਅਧੀਨ ਯੋਗ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਦੋਸ਼ ਹੈ ਕਿ ਰਜਿਸਟ੍ਰੇਸ਼ਨ ਦੌਰਾਨ 62 ਮਹਿਲਾਵਾਂ ਦੇ ਦਸਤਾਵੇਜ਼ ਅਪਲੋਡ ਕਰਦੇ ਸਮੇਂ ਇੱਕੋ ਬੈਂਕ ਖਾਤਾ ਨੰਬਰ ਦਰਜ ਕੀਤਾ ਗਿਆ, ਜੋ ਜਾਂਚ ਮੁਤਾਬਕ ਕਥਿਤ ਤੌਰ ‘ਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ ਦਾ ਹੈ।
ਵੈਰੀਫਿਕੇਸ਼ਨ ਦੌਰਾਨ ਖੁੱਲ੍ਹਿਆ ਮਾਮਲਾ
ਰਜਿਸਟ੍ਰੇਸ਼ਨ ਦੀ ਤਕਨੀਕੀ ਜਾਂਚ ਅਤੇ ਵੈਰੀਫਿਕੇਸ਼ਨ ਦੌਰਾਨ ਵਿਭਾਗੀ ਅਧਿਕਾਰੀਆਂ ਨੇ ਦੇਖਿਆ ਕਿ 62 ਵੱਖ-ਵੱਖ ਲਾਭਪਾਤਰੀਆਂ ਨਾਲ ਇੱਕੋ ਬੈਂਕ ਖਾਤਾ ਨੰਬਰ ਲਿੰਕ ਕੀਤਾ ਗਿਆ ਹੈ। ਇਹ ਗੰਭੀਰ ਬੇਨਿਯਮਤਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ।
ਲੌਗਇਨ ਪਾਸਵਰਡ ਸਾਂਝਾ ਕਰਨ ਦਾ ਦੋਸ਼
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੇ ਕਥਿਤ ਤੌਰ ‘ਤੇ ਆਪਣਾ ਅਧਿਕਾਰਤ ਲੌਗਇਨ ਆਈਡੀ ਅਤੇ ਪਾਸਵਰਡ ਆਪਣੇ ਪੁੱਤਰ ਗੁਰਬਾਜ਼ ਸਿੰਘ ਨਾਲ ਸਾਂਝਾ ਕੀਤਾ। ਦੋਸ਼ ਹੈ ਕਿ ਗੁਰਬਾਜ਼ ਸਿੰਘ ਨੇ ਘਰ-ਘਰ ਜਾ ਕੇ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਸਾਰੀਆਂ ਅਰਜ਼ੀਆਂ ਵਿੱਚ ਇੱਕੋ ਬੈਂਕ ਖਾਤਾ ਨੰਬਰ ਦਰਜ ਕਰ ਦਿੱਤਾ।
ਪੁਲਿਸ ਨੇ ਦਰਜ ਕੀਤਾ ਕੇਸ
ਇਸ ਮਾਮਲੇ ਵਿੱਚ ਬਲਾਕ ਚੋਹਲਾ ਸਾਹਿਬ ਦੀ ਸੀਡੀਪੀਓ ਨਿਵੇਦਿਤਾ ਕੁਮਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਜਤਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਮੁਲਜ਼ਮਾਂ ਦੀ ਭਾਲ ਜਾਰੀ
ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਬੰਧਤ ਵਿਭਾਗ ਸਾਰੇ ਰਿਕਾਰਡ ਅਤੇ ਡਿਜ਼ੀਟਲ ਡਾਟਾ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮਾਮਲਾ ਸਿਰਫ਼ 62 ਰਜਿਸਟ੍ਰੇਸ਼ਨਾਂ ਤੱਕ ਸੀਮਿਤ ਹੈ ਜਾਂ ਇਸ ਵਿੱਚ ਹੋਰ ਵੀ ਬੇਨਿਯਮਤਾਵਾਂ ਸ਼ਾਮਲ ਹਨ।
ਫਿਲਹਾਲ, ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
