
ਚੰਡੀਗੜ੍ਹ/ਮੋਹਾਲੀ, 16 ਜੁਲਾਈ 2026: ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਵਜੋਂ ਸੇਵਾ ਨਿਭਾਉਣ ਲਈ ਤਿਆਰ ਕਰ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐੱਸ.ਏ.ਐੱਸ. ਨਗਰ (ਮੋਹਾਲੀ) ਨੇ ਇੱਕ ਹੋਰ ਸ਼ਾਨਦਾਰ ਉਪਲਬਧੀ ਆਪਣੇ ਨਾਮ ਕੀਤੀ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਸੰਸਥਾ ਦੇ 25 ਕੈਡਿਟਾਂ ਦੀ ਭਾਰਤੀ ਰੱਖਿਆ ਸੇਵਾਵਾਂ ਦੀਆਂ ਵੱਖ-ਵੱਖ ਅੰਡਰ-ਗਰੈਜੂਏਟ ਅਤੇ ਪ੍ਰੀ-ਕਮਿਸ਼ਨਿੰਗ ਸਿਖਲਾਈ ਅਕੈਡਮੀਆਂ ਲਈ ਚੋਣ ਹੋਈ ਹੈ।
ਇਸ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਸੰਸਥਾ ਤੋਂ ਚੁਣੇ ਗਏ ਕੈਡਿਟਾਂ ਦੀ ਕੁੱਲ ਗਿਣਤੀ 175 ਤੱਕ ਪਹੁੰਚ ਗਈ ਹੈ, ਜੋ ਕਿ ਸੰਸਥਾ ਦੀ ਗੁਣਵੱਤਾ ਭਰਪੂਰ ਸਿਖਲਾਈ ਅਤੇ ਨੌਜਵਾਨਾਂ ਦੀ ਲਗਨ ਦਾ ਪ੍ਰਤੀਕ ਮੰਨੀ ਜਾ ਰਹੀ ਹੈ।
ਦੇਸ਼ ਦੀਆਂ ਨਾਮਵਰ ਰੱਖਿਆ ਅਕੈਡਮੀਆਂ ਵਿੱਚ ਮਿਲੀ ਜਗ੍ਹਾ
ਚੁਣੇ ਗਏ ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਇੰਡੀਅਨ ਨੇਵਲ ਅਕੈਡਮੀ (ਆਈਐਨਏ), ਏਅਰ ਫੋਰਸ ਅਕੈਡਮੀ (ਏਐਫਏ) ਅਤੇ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ) ਵਰਗੀਆਂ ਦੇਸ਼ ਦੀਆਂ ਪ੍ਰਮੁੱਖ ਰੱਖਿਆ ਸੰਸਥਾਵਾਂ ਵਿੱਚ ਦਾਖਲਾ ਹਾਸਲ ਕੀਤਾ ਹੈ।
ਇਨ੍ਹਾਂ ਵਿੱਚੋਂ 16 ਕੈਡਿਟ ਐਨਡੀਏ-156 ਕੋਰਸ ਲਈ ਖੜਕਵਾਸਲਾ ਵਿਖੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸ਼ਾਮਲ ਹੋਏ ਹਨ। ਇਹ ਕੈਡਿਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜੋ ਸੂਬੇ ਦੇ ਨੌਜਵਾਨਾਂ ਦੀ ਵਧਦੀ ਪ੍ਰਤਿਭਾ ਅਤੇ ਰੱਖਿਆ ਸੇਵਾਵਾਂ ਪ੍ਰਤੀ ਰੁਚੀ ਨੂੰ ਦਰਸਾਉਂਦੇ ਹਨ।
ਇਸ ਤੋਂ ਇਲਾਵਾ, ਇੱਕ ਕੈਡਿਟ ਨੇ ਇੰਡੀਅਨ ਨੇਵਲ ਅਕੈਡਮੀ, ਇਜ਼ੀਮਾਲਾ, ਤਿੰਨ ਕੈਡਿਟਾਂ ਨੇ ਟੈਕਨੀਕਲ ਐਂਟਰੀ ਸਕੀਮ (TES-55) ਤਹਿਤ ਮਿਲਟਰੀ ਕਾਲਜ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ, ਸਿਕੰਦਰਾਬਾਦ ਅਤੇ ਮਿਲਟਰੀ ਕਾਲਜ ਆਫ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ, ਮਹੂ ਵਿੱਚ ਦਾਖਲਾ ਲਿਆ ਹੈ।
ਇਸੇ ਤਰ੍ਹਾਂ ਇੱਕ ਕੈਡਿਟ ਨੇ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਚੇਨਈ), ਇੱਕ ਨੇ ਏਅਰ ਫੋਰਸ ਅਕੈਡਮੀ (ਡੁੰਡੀਗਲ), ਇੱਕ ਨੇ ਇੰਡੀਅਨ ਨੇਵਲ ਅਕੈਡਮੀ ਦੇ ਐਨਓਸੀ (ਐਕਸਟੈਂਸ਼ਨ) ਕੋਰਸ ਅਤੇ ਦੋ ਕੈਡਿਟਾਂ ਨੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ।
ਅਮਨ ਅਰੋੜਾ ਨੇ ਦਿੱਤੀ ਵਧਾਈ
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਚੁਣੇ ਗਏ ਸਾਰੇ ਕੈਡਿਟਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਪੰਜਾਬ ਦਾ ਮਾਣ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਫ਼ਲਤਾ ਸਾਬਤ ਕਰਦੀ ਹੈ ਕਿ ਪੰਜਾਬ ਦੇ ਨੌਜਵਾਨ ਦੇਸ਼ ਦੀ ਸੇਵਾ ਲਈ ਹਰ ਖੇਤਰ ਵਿੱਚ ਅੱਗੇ ਆ ਰਹੇ ਹਨ।
ਉਨ੍ਹਾਂ ਕੈਡਿਟਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਵੀ ਕੀਤੀ।
ਸੰਸਥਾ ਬਣੀ ਰੱਖਿਆ ਸੇਵਾਵਾਂ ਲਈ ਤਿਆਰੀ ਦਾ ਮਜ਼ਬੂਤ ਕੇਂਦਰ
ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ. ਚੌਹਾਨ (ਸੇਵਾਮੁਕਤ), ਵੀਐੱਸਐੱਮ ਨੇ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਵੇਲੇ ਸੰਸਥਾ ਦੇ ਹੋਰ 25 ਕੈਡਿਟ ਐੱਸਐੱਸਬੀ ਇੰਟਰਵਿਊ ਅਤੇ ਮੈਡੀਕਲ ਪ੍ਰਕਿਰਿਆ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਤੋਂ ਵੀ ਸ਼ਾਨਦਾਰ ਨਤੀਜਿਆਂ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅੱਜ ਦੇਸ਼ ਦੀਆਂ ਰੱਖਿਆ ਸੇਵਾਵਾਂ ਲਈ ਉੱਚ ਪੱਧਰੀ ਅਫ਼ਸਰ ਤਿਆਰ ਕਰਨ ਵਾਲੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਸੰਸਥਾ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਸਿਖਲਾਈ ਦੇ ਕੇ ਭਾਰਤੀ ਫੌਜ, ਜਲ ਸੈਨਾ ਅਤੇ ਵਾਯੂ ਸੈਨਾ ਵਿੱਚ ਅਫ਼ਸਰ ਵਜੋਂ ਦੇਸ਼ ਦੀ ਸੇਵਾ ਲਈ ਤਿਆਰ ਕਰਨਾ ਹੈ।
