
ਚੰਡੀਗੜ੍ਹ, 9 ਜੁਲਾਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮਹੱਤਵਪੂਰਨ ‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬੇ ਦੇ ਲੋਕਾਂ ਲਈ ਵੱਡੀ ਸਿਹਤ ਸੁਰੱਖਿਆ ਯੋਜਨਾ ਵਜੋਂ ਉਭਰ ਰਹੀ ਹੈ। ਇਸ ਯੋਜਨਾ ਦੀ ਸ਼ੁਰੂਆਤ 8 ਜਨਵਰੀ 2026 ਨੂੰ ਕੀਤੀ ਗਈ ਸੀ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਇਸ ਤਹਿਤ ਲੱਖਾਂ ਲੋਕਾਂ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਰਾਹਤ ਮਿਲੀ ਹੈ।
ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਹੁਣ ਤੱਕ 2,42,917 ਮਰੀਜ਼ਾਂ ਨੂੰ ਇਸ ਯੋਜਨਾ ਅਧੀਨ 4,79,602 ਕੈਸ਼ਲੈੱਸ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਇਲਾਜਾਂ ਦੀ ਕੁੱਲ ਲਾਗਤ ਲਗਭਗ 852 ਕਰੋੜ ਰੁਪਏ ਰਹੀ ਹੈ। ਇਸ ਯੋਜਨਾ ਨੇ ਕਈ ਪਰਿਵਾਰਾਂ ਨੂੰ ਮਹਿੰਗੀਆਂ ਸਿਹਤ ਸੇਵਾਵਾਂ ਦੇ ਖਰਚ ਤੋਂ ਵੱਡੀ ਰਾਹਤ ਪ੍ਰਦਾਨ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਯੂਨੀਵਰਸਲ ਹੈਲਥ ਕਵਰੇਜ ਦੇ ਟੀਚੇ ਨੂੰ ਅੱਗੇ ਵਧਾਉਂਦੇ ਹੋਏ ਹੁਣ ਤੱਕ 47 ਲੱਖ ਤੋਂ ਵੱਧ ਸਿਹਤ ਕਾਰਡ ਰਜਿਸਟਰ ਕੀਤੇ ਜਾ ਚੁੱਕੇ ਹਨ। ਯੋਜਨਾ ਤਹਿਤ ਹਰ ਯੋਗ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਤੱਕ ਆਸਾਨ ਪਹੁੰਚ ਮਿਲ ਰਹੀ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਆਮ ਇਲਾਜ ਤੱਕ ਸੀਮਿਤ ਨਹੀਂ ਹੈ, ਸਗੋਂ ਗੰਭੀਰ ਬਿਮਾਰੀਆਂ ਅਤੇ ਮਹਿੰਗੀਆਂ ਸਰਜਰੀਆਂ ਲਈ ਵੀ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਪਰਿਵਾਰਾਂ ਨੂੰ ਅਚਾਨਕ ਆਉਣ ਵਾਲੇ ਵੱਡੇ ਇਲਾਜੀ ਖਰਚਿਆਂ ਤੋਂ ਸੁਰੱਖਿਆ ਦੇਣ ਵਾਲੀ ਇੱਕ ਮਹੱਤਵਪੂਰਨ ਸਮਾਜਿਕ ਸੁਰੱਖਿਆ ਯੋਜਨਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ 47 ਲੱਖ ਤੋਂ ਵੱਧ ਸਿਹਤ ਕਾਰਡਾਂ ਦੀ ਰਜਿਸਟ੍ਰੇਸ਼ਨ ਅਤੇ 852 ਕਰੋੜ ਰੁਪਏ ਦੇ ਕੈਸ਼ਲੈੱਸ ਇਲਾਜ ਇਸ ਗੱਲ ਦਾ ਪ੍ਰਮਾਣ ਹਨ ਕਿ ਲੋਕਾਂ ਨੇ ਸਰਕਾਰ ਦੀ ਉਸ ਸੋਚ ’ਤੇ ਭਰੋਸਾ ਕੀਤਾ ਹੈ, ਜਿਸ ਦਾ ਉਦੇਸ਼ ਹਰ ਘਰ ਤੱਕ ਮਿਆਰੀ ਅਤੇ ਆਸਾਨ ਸਿਹਤ ਸੇਵਾਵਾਂ ਪਹੁੰਚਾਉਣਾ ਹੈ।
ਡਾਇਲਿਸਿਸ ਸੇਵਾ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਮਿਲੀ ਵੱਡੀ ਰਾਹਤ
ਯੋਜਨਾ ਦੇ ਤਹਿਤ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੀਆਂ ਸੇਵਾਵਾਂ ਵਿੱਚ ਕ੍ਰੋਨਿਕ ਹੀਮੋਡਾਇਲਿਸਿਸ ਸਭ ਤੋਂ ਅੱਗੇ ਰਹੀ ਹੈ। ਇਸ ਅਧੀਨ ਹੁਣ ਤੱਕ 1.58 ਲੱਖ ਤੋਂ ਵੱਧ ਡਾਇਲਿਸਿਸ ਸੈਸ਼ਨ ਕੀਤੇ ਜਾ ਚੁੱਕੇ ਹਨ। ਇਸ ਨਾਲ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਨ੍ਹਾਂ ਨੂੰ ਹਫ਼ਤੇ ਵਿੱਚ ਕਈ ਵਾਰ ਡਾਇਲਿਸਿਸ ਦੀ ਲੋੜ ਪੈਂਦੀ ਹੈ।
ਇਸ ਤੋਂ ਇਲਾਵਾ ਲੈਪਰੋਸਕੋਪਿਕ ਗੌਲਬਲੈਡਰ ਸਰਜਰੀ ਦੇ ਲਗਭਗ 12,400 ਆਪ੍ਰੇਸ਼ਨ ਵੀ ਇਸ ਯੋਜਨਾ ਤਹਿਤ ਕੀਤੇ ਗਏ ਹਨ। ਜਣੇਪਾ ਸੇਵਾਵਾਂ, ਆਰਥੋਪੀਡਿਕ ਇਲਾਜ ਅਤੇ ਹੋਰ ਮਹੱਤਵਪੂਰਨ ਸਰਜਰੀਆਂ ਦਾ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਲਿਆ ਹੈ।
ਯੋਜਨਾ ਅਧੀਨ:
- ਪ੍ਰਾਇਮਰੀ ਟੋਟਲ ਨੀ ਰਿਪਲੇਸਮੈਂਟ
- ਸੀਜ਼ੇਰੀਅਨ ਡਿਲੀਵਰੀ
- ਨਾਰਮਲ ਡਿਲੀਵਰੀ
- ਹਿਸਟਰੇਕਟੋਮੀ
- ਹਿਪ ਰਿਪਲੇਸਮੈਂਟ
- ਜਨਰਲ ਲੈਪਰੋਟੋਮੀ
ਵਰਗੀਆਂ ਸੇਵਾਵਾਂ ਦੇ ਹਜ਼ਾਰਾਂ ਮਾਮਲੇ ਦਰਜ ਕੀਤੇ ਗਏ ਹਨ।
ਗੰਭੀਰ ਸਰਜਰੀਆਂ ’ਤੇ ਕਰੋੜਾਂ ਰੁਪਏ ਦਾ ਖਰਚ
ਸਿਹਤ ਮੰਤਰੀ ਨੇ ਦੱਸਿਆ ਕਿ ਜਿੱਥੇ ਡਾਇਲਿਸਿਸ ਰਾਹੀਂ ਸਭ ਤੋਂ ਵੱਧ ਮਰੀਜ਼ਾਂ ਨੂੰ ਲਾਭ ਮਿਲਿਆ, ਉੱਥੇ ਹੀ ਗੰਭੀਰ ਸਰਜਰੀਆਂ ’ਤੇ ਵੱਡੀ ਰਕਮ ਖਰਚ ਕੀਤੀ ਗਈ ਹੈ।
- ਪ੍ਰਾਇਮਰੀ ਟੋਟਲ ਨੀ ਰਿਪਲੇਸਮੈਂਟ ’ਤੇ ਲਗਭਗ 70.86 ਕਰੋੜ ਰੁਪਏ ਖਰਚ ਕੀਤੇ ਗਏ।
- ਪੀਟੀਸੀਏ ਵਿਦ ਡਾਇਗਨੋਸਟਿਕ ਐਂਜੀਓਗ੍ਰਾਮ (ਦਿਲ ਵਿੱਚ ਸਟੈਂਟ ਪਾਉਣ ਦੀ ਪ੍ਰਕਿਰਿਆ) ’ਤੇ ਲਗਭਗ 70.02 ਕਰੋੜ ਰੁਪਏ ਖਰਚ ਹੋਏ।
- ਲੈਪਰੋਸਕੋਪਿਕ ਗੌਲਬਲੈਡਰ ਸਰਜਰੀ ’ਤੇ ਲਗਭਗ 36.28 ਕਰੋੜ ਰੁਪਏ ਖਰਚ ਕੀਤੇ ਗਏ।
ਇਸ ਤੋਂ ਇਲਾਵਾ ਹਿਪ ਰਿਪਲੇਸਮੈਂਟ, ਸਪਾਈਨ ਸਰਜਰੀ, ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (CABG), ਮੋਤੀਆਬਿੰਦ ਆਪ੍ਰੇਸ਼ਨ, ਹਰਨੀਆ ਰਿਪੇਅਰ ਅਤੇ ਹਿਸਟਰੇਕਟੋਮੀ ਵਰਗੇ ਇਲਾਜ ਵੀ ਯੋਜਨਾ ਅਧੀਨ ਵੱਡੇ ਖਰਚ ਵਾਲੇ ਇਲਾਜਾਂ ਵਿੱਚ ਸ਼ਾਮਲ ਰਹੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਲਾਜ ਦੇ ਅੰਕੜੇ ਸਪੱਸ਼ਟ ਕਰਦੇ ਹਨ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਵਿੱਚ ਸਿਹਤ ਸੁਰੱਖਿਆ ਦਾ ਇੱਕ ਮਜ਼ਬੂਤ ਮਾਡਲ ਬਣ ਰਹੀ ਹੈ। ਇਸ ਯੋਜਨਾ ਰਾਹੀਂ ਲੋਕਾਂ ਨੂੰ ਡਾਇਲਿਸਿਸ, ਜਣੇਪਾ ਸੇਵਾਵਾਂ, ਐਮਰਜੈਂਸੀ ਇਲਾਜ, ਦਿਲ ਦੀਆਂ ਬਿਮਾਰੀਆਂ, ਆਰਥੋਪੀਡਿਕ ਅਤੇ ਹੋਰ ਗੰਭੀਰ ਸਰਜਰੀਆਂ ਲਈ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਹਰ ਨਾਗਰਿਕ ਨੂੰ ਸਮੇਂ ਸਿਰ, ਮਿਆਰੀ ਅਤੇ ਆਰਥਿਕ ਬੋਝ ਤੋਂ ਮੁਕਤ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣ।
