Wednesday, July 29Punjabi People

ਬਿਜਲੀ ਬਿੱਲ ਨਾ ਮਿਲਣ ਵਾਲੇ ਖਪਤਕਾਰਾਂ ਲਈ ਵੱਡੀ ਰਾਹਤ

ਚੰਡੀਗੜ੍ਹ, 8 ਜੁਲਾਈ 2026:   ਪੰਜਾਬ ਵਿੱਚ ਮੀਟਰ ਰੀਡਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਹੜਤਾਲ ਕਾਰਨ ਬਿਜਲੀ ਖਪਤਕਾਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਰੀਬ ਤਿੰਨ ਮਹੀਨਿਆਂ ਤੱਕ ਮੀਟਰ ਰੀਡਿੰਗ ਨਾ ਹੋਣ ਕਾਰਨ ਹਜ਼ਾਰਾਂ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਮਿਲੇ, ਜਿਸ ਨਾਲ ਉਨ੍ਹਾਂ ਵਿੱਚ ਭੁਗਤਾਨ, ਬਕਾਇਆ ਰਕਮ ਅਤੇ 300 ਯੂਨਿਟ ਮੁਫ਼ਤ ਬਿਜਲੀ ਸਕੀਮ ਦੇ ਲਾਭ ਨੂੰ ਲੈ ਕੇ ਚਿੰਤਾ ਬਣੀ ਰਹੀ। ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਨੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਬਿੱਲ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।

ਪਾਵਰਕਾਮ ਵੱਲੋਂ ਸਪੀਡ ਪੋਸਟ ਰਾਹੀਂ 14 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਤੱਕ ਦੇ ਬਿੱਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਵੀ ਪਹੁੰਚਾਏ ਜਾ ਰਹੇ ਹਨ, ਤਾਂ ਜੋ ਖਪਤਕਾਰਾਂ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਖਪਤਕਾਰ ਨੂੰ ਅਜੇ ਤੱਕ ਬਿਜਲੀ ਦਾ ਬਿੱਲ ਪ੍ਰਾਪਤ ਨਹੀਂ ਹੋਇਆ, ਤਾਂ ਉਹ ਆਪਣੇ ਸਬੰਧਤ ਡਿਵੀਜ਼ਨ ਦਫ਼ਤਰ ਨਾਲ ਸੰਪਰਕ ਕਰਕੇ ਬਿੱਲ ਜਾਰੀ ਕਰਵਾ ਸਕਦਾ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਖਪਤਕਾਰਾਂ ਨੂੰ ਮੀਟਰ ਰੀਡਿੰਗ ਨਾ ਹੋਣ ਕਾਰਨ ਔਸਤ (ਐਵਰੇਜ) ਦੇ ਆਧਾਰ ‘ਤੇ ਬਿੱਲ ਭੇਜਿਆ ਗਿਆ ਹੈ ਅਤੇ ਉਹ ਰਕਮ ਅਸਲ ਖਪਤ ਨਾਲੋਂ ਵੱਧ ਲੱਗਦੀ ਹੈ, ਉਹ ਆਪਣੀ ਮੌਜੂਦਾ ਮੀਟਰ ਰੀਡਿੰਗ ਲੈ ਕੇ ਡਿਵੀਜ਼ਨ ਦਫ਼ਤਰ ਵਿੱਚ ਅਰਜ਼ੀ ਦੇ ਸਕਦੇ ਹਨ। ਵਿਭਾਗ ਵੱਲੋਂ ਜਾਂਚ ਉਪਰੰਤ ਬਿੱਲ ਵਿੱਚ ਲੋੜੀਂਦੀ ਸੋਧ ਕੀਤੀ ਜਾਵੇਗੀ।

ਪਾਵਰਕਾਮ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਪੀਡ ਪੋਸਟ ਰਾਹੀਂ ਭੇਜੇ ਗਏ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਕਰਨੀ ਲਾਜ਼ਮੀ ਹੋਵੇਗੀ। ਭੁਗਤਾਨ ਕਰਨ ਤੋਂ ਬਾਅਦ ਖਪਤਕਾਰਾਂ ਨੂੰ ਬਿੱਲ ਦੀ ਰਸੀਦ ਸੰਭਾਲ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਸਥਿਤੀ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ।

ਵਿਭਾਗ ਨੇ ਖਪਤਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜੇ ਉਹ ਖੁਦ ਮੀਟਰ ਦੀ ਰੀਡਿੰਗ ਲੈਣੀ ਨਹੀਂ ਜਾਣਦੇ, ਤਾਂ ਮੀਟਰ ‘ਤੇ ਦਿਖਾਈ ਦੇ ਰਹੀ ਰੀਡਿੰਗ ਅਤੇ ਹੋਰ ਜਾਣਕਾਰੀ ਦੀ ਘੱਟੋ-ਘੱਟ ਇੱਕ ਮਿੰਟ ਦੀ ਸਪੱਸ਼ਟ ਵੀਡੀਓ ਆਪਣੇ ਮੋਬਾਈਲ ਫ਼ੋਨ ਵਿੱਚ ਰਿਕਾਰਡ ਕਰਕੇ ਸੰਭਾਲ ਕੇ ਰੱਖਣ। ਜੇਕਰ ਭਵਿੱਖ ਵਿੱਚ ਔਸਤ ਦੇ ਆਧਾਰ ‘ਤੇ ਜਾਰੀ ਕੀਤੇ ਗਏ ਬਿੱਲ ਨੂੰ ਲੈ ਕੇ ਕੋਈ ਇਤਰਾਜ਼ ਹੋਵੇ, ਤਾਂ ਇਹ ਵੀਡੀਓ ਅਤੇ ਪੁਰਾਣੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਨਾਲ ਪਾਵਰਕਾਮ ਦੇ ਸਬੰਧਤ ਦਫ਼ਤਰ ਵਿੱਚ ਜਾ ਕੇ ਬਿੱਲ ਦੀ ਰਕਮ ਦੀ ਜਾਂਚ ਅਤੇ ਸੋਧ ਕਰਵਾਈ ਜਾ ਸਕਦੀ ਹੈ।

ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪੈਦਾ ਹੋਈ ਇਸ ਸਥਿਤੀ ਨੇ ਹਜ਼ਾਰਾਂ ਖਪਤਕਾਰਾਂ ਨੂੰ ਪ੍ਰਭਾਵਿਤ ਕੀਤਾ ਸੀ, ਪਰ ਹੁਣ ਬਿੱਲਾਂ ਦੀ ਵੰਡ ਮੁੜ ਸ਼ੁਰੂ ਹੋਣ ਨਾਲ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਕਾਇਆ ਬਿੱਲਾਂ ਦਾ ਨਿਪਟਾਰਾ ਹੋ ਜਾਵੇਗਾ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਵਿੱਚ ਵੀ ਕਮੀ ਆਵੇਗੀ।

Leave a Reply

Your email address will not be published. Required fields are marked *