
ਮੋਹਾਲੀ, 17 ਜਨਵਰੀ 2026: ਮੋਹਾਲੀ ਦੇ ਜ਼ੀਰਕਪੁਰ ਸਥਿਤ ਐਰੋ ਸਿਟੀ ਇਲਾਕੇ ਵਿੱਚ ਸ਼ਨੀਵਾਰ ਨੂੰ ਦਿਨ ਦਿਹਾੜੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਮੈਨੇਜਰ ਨਾਲ ਲੁੱਟ-ਖੋਹ ਦੀ ਘਟਨਾ ਵਾਪਰੀ। ਦੋ ਨਕਾਬਪੋਸ਼ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ‘ਤੇ ਲਗਭਗ 4 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ। ਦਹਿਸ਼ਤ ਪੈਦਾ ਕਰਨ ਲਈ ਹਮਲਾਵਰਾਂ ਨੇ ਚੀਫ਼ ਮੈਨੇਜਰ ਦੀ ਕਾਰ ‘ਤੇ ਗੋਲੀਆਂ ਵੀ ਚਲਾਈਆਂ।
ਐਰੋ ਸਿਟੀ ਦੇ ਬਲਾਕ ਐਮ ਦੇ ਰਹਿਣ ਵਾਲੇ ਸੁਧਾਂਸ਼ੂ ਕੁਮਾਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਸਵੇਰੇ ਕਰੀਬ 9 ਵਜੇ ਆਪਣੀ ਕਾਰ ਰਾਹੀਂ ਦਫ਼ਤਰ ਵੱਲ ਜਾ ਰਹੇ ਸਨ। ਘਰ ਤੋਂ ਥੋੜ੍ਹੀ ਦੂਰੀ ‘ਤੇ ਹੀ ਸੰਘਣੀ ਧੁੰਦ ਦੇ ਦੌਰਾਨ ਇੱਕ ਬੁਲੇਟ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਵਿਅਕਤੀ ਅਚਾਨਕ ਸਲਿੱਪ ਰੋਡ ਤੋਂ ਨਿਕਲ ਕੇ ਉਨ੍ਹਾਂ ਦੀ ਕਾਰ ਦੇ ਬਿਲਕੁਲ ਨੇੜੇ ਆ ਕੇ ਰੁਕ ਗਏ।
ਜਿਵੇਂ ਹੀ ਸੁਧਾਂਸ਼ੂ ਕੁਮਾਰ ਨੇ ਕਾਰ ਦੀ ਖਿੜਕੀ ਹੇਠਾਂ ਕੀਤੀ, ਬੁਲੇਟ ਮੋਟਰਸਾਈਕਲ ‘ਤੇ ਪਿੱਛੇ ਬੈਠੇ ਬਦਮਾਸ਼ ਨੇ ਤੁਰੰਤ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਕਾਰ ਦੇ ਅੰਦਰੋਂ ਸੋਨੇ ਦਾ ਬਰੇਸਲੇਟ ਅਤੇ ਚੇਨ ਛੀਨਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਜਦੋਂ ਸੁਧਾਂਸ਼ੂ ਕੁਮਾਰ ਨੇ ਵਿਰੋਧ ਕੀਤਾ, ਤਾਂ ਹਮਲਾਵਰ ਨੇ ਡਰਾਈਵਰ ਸਾਈਡ ਦੀ ਖਿੜਕੀ ਕਿਸੇ ਭਾਰੀ ਵਸਤੂ ਨਾਲ ਤੋੜ ਦਿੱਤੀ। ਇਸ ਤੋਂ ਬਾਅਦ ਪਿਸਤੌਲ ਦੀ ਨੋਕ ‘ਤੇ ਉਨ੍ਹਾਂ ਨੂੰ ਆਪਣੇ ਕੋਲ ਮੌਜੂਦ ਸੋਨੇ ਦੇ ਗਹਿਣੇ ਕੱਢ ਕੇ ਦੇਣ ਲਈ ਮਜਬੂਰ ਕੀਤਾ ਗਿਆ ਅਤੇ ਅੰਗੂਠੀਆਂ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਪੀੜਤ ਦੇ ਮੁਤਾਬਕ, ਜਦੋਂ ਉਸ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਬਦਮਾਸ਼ ਨੇ ਕਾਰ ਵੱਲ ਪਿਸਤੌਲ ਤਾਣ ਕੇ ਗੋਲੀ ਚਲਾ ਦਿੱਤੀ। ਗੋਲੀ ਕਾਰ ਦੀ ਖਿੜਕੀ ‘ਚ ਲੱਗੀ, ਪਰ ਸੁਧਾਂਸ਼ੂ ਕੁਮਾਰ ਕਿਸੇ ਤਰ੍ਹਾਂ ਵਾਲ-ਵਾਲ ਬਚ ਗਿਆ। ਘਟਨਾ ਤੋਂ ਬਾਅਦ ਉਸ ਨੇ ਤੁਰੰਤ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਲਾਭ ਸਿੰਘ ਨੇ ਦੱਸਿਆ, “ਸਾਨੂੰ ਅੱਜ ਸਵੇਰੇ ਸ਼ਿਕਾਇਤ ਪ੍ਰਾਪਤ ਹੋਈ ਹੈ। ਸ਼ਿਕਾਇਤਕਰਤਾ ਵੱਲੋਂ ਗੋਲੀ ਚੱਲਣ ਦੀ ਗੱਲ ਕਹੀ ਗਈ ਹੈ, ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਨੇੜਲੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”
