
ਨਵੀਂ ਦਿੱਲੀ, 4 ਜੁਲਾਈ, 2026: ਅਯੁੱਧਿਆ ਸਥਿਤ ਰਾਮ ਮੰਦਰ ਵਿੱਚ ਕਥਿਤ ਚੋਰੀ ਦੇ ਮਾਮਲੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਮੰਦਰ ਵਿੱਚ ਭੇਟ ਕੀਤੀ ਗਈ ਇੱਕ ਕਿਲੋਗ੍ਰਾਮ ਸੋਨੇ ਦੀ ਰਾਮਚਰਿਤਮਾਨਸ ਵੀ ਗਾਇਬ ਹੈ।
ਕੇਜਰੀਵਾਲ ਨੇ ਕਿਹਾ ਕਿ ਸਾਬਕਾ ਗ੍ਰਹਿ ਸਕੱਤਰ ਵੱਲੋਂ ਸ਼ਰਧਾ ਨਾਲ ਭੇਟ ਕੀਤੀ ਗਈ ਸੋਨੇ ਦੀ ਰਾਮਚਰਿਤਮਾਨਸ ਦੇ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਦੋਸ਼ ਲਾਇਆ ਕਿ “ਚੰਦੇ ਦੇ ਚੋਰਾਂ ਨੇ ਇੱਕ ਹੋਰ ਮਹਾਂਪਾਪ ਕੀਤਾ ਹੈ।”ਇਸੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ “ਆਪ” ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਆਰਐਸਐਸ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਈ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਹਿੰਦੂਆਂ ਨੂੰ ਬਦਨਾਮ ਕਿਸ ਨੇ ਕੀਤਾ—ਉਨ੍ਹਾਂ ਲੋਕਾਂ ਨੇ ਜਿਨ੍ਹਾਂ ‘ਤੇ ਮੰਦਰ ਦਾ ਚੜ੍ਹਾਵਾ ਚੋਰੀ ਕਰਨ ਦੇ ਦੋਸ਼ ਹਨ, ਉਨ੍ਹਾਂ ਨੇ ਜਿਨ੍ਹਾਂ ਨੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਾਂ ਉਨ੍ਹਾਂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਉਜਾਗਰ ਕਰਕੇ ਕਾਰਵਾਈ ਦੀ ਮੰਗ ਕੀਤੀ।
ਭਾਰਦਵਾਜ ਨੇ ਕਿਹਾ ਕਿ ਇਹ ਤੈਅ ਹੋਣਾ ਚਾਹੀਦਾ ਹੈ ਕਿ ਹਿੰਦੂ ਵਿਰੋਧੀ ਕੌਣ ਹੈ—ਚੜ੍ਹਾਵੇ ਦੀ ਕਥਿਤ ਚੋਰੀ ਕਰਨ ਵਾਲੇ, ਉਨ੍ਹਾਂ ਨੂੰ ਬਚਾਉਣ ਵਾਲੇ ਜਾਂ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਾਲੇ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਆਪਣੇ ਬਿਆਨ ਦੌਰਾਨ ਭਾਰਦਵਾਜ ਨੇ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਜੇ ਕਿਸੇ ਅਪਰਾਧ ਨੂੰ ਬੇਨਕਾਬ ਕਰਨ ਵਾਲੇ ਨੂੰ ਹੀ ਦੋਸ਼ੀ ਠਹਿਰਾਇਆ ਜਾਵੇ ਅਤੇ ਅਸਲ ਦੋਸ਼ੀਆਂ ‘ਤੇ ਕਾਰਵਾਈ ਨਾ ਹੋਵੇ, ਤਾਂ ਇਹ ਬਹੁਤ ਹੀ ਸ਼ਰਮਨਾਕ ਸਥਿਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ ਆਰਐਸਐਸ ਦੀ ਬੇਚੈਨੀ ਸਪੱਸ਼ਟ ਨਜ਼ਰ ਆ ਰਹੀ ਹੈ।
