
ਚੰਡੀਗੜ੍ਹ, 29 ਜੂਨ 2026: ਚੰਡੀਗੜ੍ਹ ਨਗਰ ਨਿਗਮ ਦੀ ਪ੍ਰਸ਼ਨ ਕਾਲ ਬੈਠਕ ਦੌਰਾਨ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉੱਠਿਆ। ਸੈਕਟਰ-40 ਦੇ ਕੌਂਸਲਰ ਗੁਰਬਖਸ਼ ਰਾਵਤ ਨੇ ਆਪਣੇ ਵਾਰਡ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਕਾਰਨ ਇੱਕ ਔਰਤ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਬੈਠਕ ਦੌਰਾਨ ਨਗਰ ਨਿਗਮ ਵੱਲੋਂ ਟੈਂਕਰਾਂ ਰਾਹੀਂ ਦਿੱਤੇ ਜਾ ਰਹੇ ਪੀਣ ਵਾਲੇ ਪਾਣੀ ਦੀ ਗੁਣਵੱਤਾ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ। ਕੌਂਸਲਰਾਂ ਨੇ ਦਾਅਵਾ ਕੀਤਾ ਕਿ “ਪੀਣ ਵਾਲਾ ਪਾਣੀ, ਨਗਰ ਨਿਗਮ ਚੰਡੀਗੜ੍ਹ” ਲਿਖੇ ਇੱਕ ਟੈਂਕਰ ਵਿੱਚ ਕੀੜੇ ਮਿਲੇ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਸ ਦੇ ਨਾਲ ਹੀ ਗਰਮੀਆਂ ਦੌਰਾਨ ਪਾਣੀ ਦੀ ਹੌਲੀ ਸਪਲਾਈ ਅਤੇ ਖਰਾਬ ਟਿਊਬਵੈੱਲਾਂ ਦੀ ਮੁਰੰਮਤ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਤੋਂ ਪਹਿਲਾਂ ਸਦਨ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਭਾਜਪਾ ਪ੍ਰਧਾਨ ਜਤਿੰਦਰ ਮਲਹੋਤਰਾ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਹੰਗਾਮਾ ਕੀਤਾ। ਦੋਵਾਂ ਪਾਰਟੀਆਂ ਨੇ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕੀਤੀ। ਹੰਗਾਮੇ ਦੌਰਾਨ ਭਾਜਪਾ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਾਲੇ ਤਿੱਖੀ ਨੋਕਝੋਕ ਵੀ ਹੋਈ। ਇਸ ਦੌਰਾਨ ਭਾਜਪਾ ਦੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਖ਼ਿਲਾਫ਼ “ਵੋਟ ਚੋਰ” ਦੇ ਨਾਅਰੇ ਵੀ ਲਗਾਏ ਗਏ।
ਉੱਧਰ, ਸ਼ਹਿਰ ਵਿੱਚ ਪਾਰਕਿੰਗ ਫੀਸ ਵਧਾਉਣ ਸਬੰਧੀ ਪ੍ਰਸਤਾਵ ‘ਤੇ ਵੀ ਅੱਜ ਅੰਤਿਮ ਫੈਸਲਾ ਹੋਣ ਦੀ ਸੰਭਾਵਨਾ ਹੈ। ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ ਤਾਂ ਚੰਡੀਗੜ੍ਹ ਵਿੱਚ ਸਾਲਾਂ ਤੋਂ ਲਾਗੂ ਫਲੈਟ ਰੇਟ ਪਾਰਕਿੰਗ ਪ੍ਰਣਾਲੀ ਖਤਮ ਹੋ ਜਾਵੇਗੀ ਅਤੇ ਇਸ ਦੀ ਥਾਂ ਘੰਟਾਵਾਰ ਫੀਸ ਲਾਗੂ ਕੀਤੀ ਜਾਵੇਗੀ। ਨਗਰ ਨਿਗਮ ਦੇ ਪ੍ਰਸਤਾਵ ਅਨੁਸਾਰ ਪਹਿਲੇ 10 ਮਿੰਟ ਲਈ ਪਾਰਕਿੰਗ ਮੁਫ਼ਤ ਰਹੇਗੀ, ਜਦਕਿ ਇਸ ਤੋਂ ਬਾਅਦ ਵੱਖ-ਵੱਖ ਸ਼੍ਰੇਣੀਆਂ ਮੁਤਾਬਕ ਫੀਸ ਵਸੂਲੀ ਜਾਵੇਗੀ।
