Wednesday, July 29Punjabi People

ਲੋਕਾਂ ਨੇ ਫੈਸਲਾ ਕਰਨਾ ਹੈ; ਧਰਮ ਦੇ ਨਾਂ ‘ਤੇ ਫਰਜ਼ੀ ਵੀਡੀਓ ਅਤੇ ਝੂਠਾ ਪ੍ਰਚਾਰ ਮੈਨੂੰ ਪੰਜਾਬ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ/ਬਰਨਾਲਾ, 25 ਜੂਨ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਰਨਾਲਾ ਵਿੱਚ ਆਯੋਜਿਤ ‘ਲੋਕ ਮਿਲਣੀ’ ਦੌਰਾਨ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ‘ਤੇ ਕੜਾ ਹਮਲਾ ਕਰਦਿਆਂ ਕਿਹਾ ਕਿ ਇਹ ਤਿੰਨੋਂ ਰਵਾਇਤੀ ਪਾਰਟੀਆਂ ਅੱਜ ਪੰਜਾਬ ਦੀ ਤੇਜ਼ ਤਰੱਕੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲ ਰਹੇ ਵੱਡੇ ਜਨਤਕ ਸਮਰਥਨ ਤੋਂ ਬੁਖਲਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਹੁਣ ਇਕੱਠੀਆਂ ਹੋ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿਉਂਕਿ ਉਹ ਲੋਕਾਂ ਵੱਲੋਂ ਮਿਲ ਰਹੇ ਭਰੋਸੇ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ।

ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਨੇ ਸਿਆਸੀ ਤੌਰ ‘ਤੇ ਫੇਲ੍ਹ ਹੋਣ ਤੋਂ ਬਾਅਦ ਧਰਮ ਦੇ ਨਾਂ ‘ਤੇ ਝੂਠੇ ਪ੍ਰਚਾਰ ਅਤੇ ਫਰਜ਼ੀ ਵੀਡੀਓਜ਼ ਰਾਹੀਂ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਵਿਕਾਸ ਰੁਕਣ ਨਹੀਂ ਦੇਣਗੀਆਂ ਅਤੇ ਉਹ ਲੋਕ ਭਲਾਈ ਦੇ ਕੰਮਾਂ ਤੋਂ ਪਿੱਛੇ ਨਹੀਂ ਹਟਣਗੇ।

ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਅਤੇ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ਼ ਵਿਕਾਸ ਅਤੇ ਲੋਕਾਂ ਦੀ ਭਲਾਈ ‘ਤੇ ਕੇਂਦਰਿਤ ਹੈ। ਉਨ੍ਹਾਂ ਐਲਾਨ ਕੀਤਾ ਕਿ ਪਹਿਲੀ ਜੁਲਾਈ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਯੋਜਨਾ ਅਧੀਨ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਸਿੱਧਾ ਲਾਭ ਮਿਲੇਗਾ, ਜਿਸ ਵਿੱਚ ਆਮ ਔਰਤਾਂ ਲਈ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ 1,500 ਰੁਪਏ ਪ੍ਰਤੀ ਮਹੀਨਾ ਦੀ ਰਕਮ ਸਿੱਧੀ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਲਈ ਸਰਕਾਰ ਨੇ ਲਗਭਗ 9,300 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਅਤੇ ਇਸ ਨਾਲ ਸੂਬੇ ਦੀਆਂ ਕਰੀਬ 97 ਫੀਸਦੀ ਔਰਤਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਔਰਤਾਂ ਨੂੰ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੀ ਸਮਾਜਿਕ ਸਥਿਤੀ ਅਤੇ ਆਤਮ-ਸਨਮਾਨ ਨੂੰ ਵੀ ਮਜ਼ਬੂਤ ਕਰੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਦੇਸ਼ ਦਾ ਪਹਿਲਾ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਪਿੰਡਾਂ ਵਿੱਚੋਂ ਗੁਜ਼ਰਨ ਵਾਲੀਆਂ ਹਾਈ-ਟੈਨਸ਼ਨ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕੀਤਾ ਜਾ ਰਿਹਾ ਹੈ। ਇਹ ਪ੍ਰਾਜੈਕਟ ਲੋਕਾਂ ਦੀ ਸੁਰੱਖਿਆ, ਫਸਲਾਂ ਦੇ ਨੁਕਸਾਨ ਅਤੇ ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਪਹਿਲੀ ਵਾਰ ਦਿਨ ਵੇਲੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਪਾਣੀ ਦੀ ਸੰਭਾਲ ਅਤੇ ਸਿੰਚਾਈ ਲਈ ਵੀ ਵੱਡੇ ਪੱਧਰ ‘ਤੇ ਕੰਮ ਕੀਤਾ ਹੈ, ਜਿਸ ਨਾਲ ਭੂਗਰਭੀ ਪਾਣੀ ਦਾ ਪੱਧਰ ਵੀ ਸੁਧਰ ਰਿਹਾ ਹੈ।

ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਸਿਰਫ਼ ਆਪਣੀ ਸਿਆਸੀ ਹਾਰ ਨੂੰ ਛੁਪਾਉਣ ਲਈ ਇਕੱਠੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰੂਨੀ ਝਗੜਿਆਂ ਕਾਰਨ ਟੁੱਟ ਰਹੀ ਹੈ, ਜਦਕਿ ਅਕਾਲੀ ਦਲ ਆਪਣੀ ਰਾਜਨੀਤਿਕ ਪਛਾਣ ਗੁਆ ਚੁੱਕਾ ਹੈ। ਭਾਜਪਾ ‘ਤੇ ਵੀ ਉਨ੍ਹਾਂ ਨੇ ਸਵਾਲ ਉਠਾਏ ਕਿ ਉਹ ਕੇਂਦਰੀ ਪੱਧਰ ‘ਤੇ ਲੋਕ ਵਿਰੋਧੀ ਨੀਤੀਆਂ ਨੂੰ ਅੱਗੇ ਵਧਾ ਰਹੀ ਹੈ।

ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਅਤੇ ਫਰਜ਼ੀ ਵੀਡੀਓਜ਼ ਫੈਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਝੂਠੇ ਪ੍ਰਚਾਰ ਤੋਂ ਸਾਵਧਾਨ ਰਹਿਣ ਅਤੇ ਸੱਚਾਈ ਨੂੰ ਸਮਝਣ।

ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਦਾ ਹਰ ਕਦਮ ਲੋਕਾਂ ਦੀ ਭਲਾਈ ਲਈ ਹੈ ਅਤੇ ਵਿਕਾਸ ਕਾਰਜ—ਚਾਹੇ ਉਹ ਸਿਹਤ, ਸਿੱਖਿਆ, ਰੋਜ਼ਗਾਰ, ਬਿਜਲੀ, ਪਾਣੀ ਜਾਂ ਬੁਨਿਆਦੀ ਢਾਂਚਾ ਹੋਵੇ—ਲਗਾਤਾਰ ਜਾਰੀ ਰਹਿਣਗੇ।

ਅੰਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ “ਅੰਤਿਮ ਫੈਸਲਾ ਹਮੇਸ਼ਾ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ” ਅਤੇ ਕੋਈ ਵੀ ਸਾਜ਼ਿਸ਼ ਜਾਂ ਬਦਨਾਮੀ ਦੀ ਮੁਹਿੰਮ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀ।

ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *