Wednesday, July 29Punjabi People

ਪੰਜਾਬ ਵਿੱਚ ਐਸ.ਆਈ.ਆਰ. ਅਧੀਨ 25 ਜੂਨ ਤੋਂ ਘਰੋ-ਘਰੀ ਗਣਨਾ ਦੀ ਸ਼ੁਰੂਆਤ: ਅਨਿੰਦਿਤਾ ਮਿਤਰਾ

ਚੰਡੀਗੜ੍ਹ, 24 ਜੂਨ 2026: ਪੰਜਾਬ ਰਾਜ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਤਹਿਤ ਘਰੋ-ਘਰੀ ਗਣਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਭਲਕੇ, 25 ਜੂਨ ਤੋਂ ਕੀਤੀ ਜਾ ਰਹੀ ਹੈ। ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੱਤਵਪੂਰਨ ਚੋਣ ਪ੍ਰਕਿਰਿਆ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਪੂਰਾ ਤੰਤਰ ਤਿਆਰ ਹੈ।

ਉਨ੍ਹਾਂ ਅਨੁਸਾਰ ਪਹਿਲੇ ਪੜਾਅ ਦੌਰਾਨ ਬੂਥ ਲੈਵਲ ਅਧਿਕਾਰੀ (BLO) ਘਰ-ਘਰ ਜਾ ਕੇ ਪ੍ਰੀ-ਪ੍ਰਿੰਟਡ ਫਾਰਮ ਵੰਡਣਗੇ। ਇਹ ਫਾਰਮ ਵੋਟਰਾਂ ਦੀ ਸਹਾਇਤਾ ਨਾਲ ਭਰੇ ਜਾਣਗੇ ਅਤੇ ਬਾਅਦ ਵਿੱਚ ਉਹੀ ਅਧਿਕਾਰੀ ਇਹ ਫਾਰਮ ਵਾਪਸ ਇਕੱਤਰ ਕਰਨਗੇ। ਇਸ ਪੂਰੀ ਪ੍ਰਕਿਰਿਆ ਦਾ ਉਦੇਸ਼ ਵੋਟਰ ਸੂਚੀਆਂ ਨੂੰ ਹੋਰ ਸਹੀ, ਅਪਡੇਟ ਅਤੇ ਪਾਰਦਰਸ਼ੀ ਬਣਾਉਣਾ ਹੈ।

ਇਹ ਘਰੋ-ਘਰੀ ਗਣਨਾ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ। ਜੇਕਰ ਕਿਸੇ ਘਰ ਤੋਂ ਫਾਰਮ ਪ੍ਰਾਪਤ ਨਹੀਂ ਹੁੰਦਾ, ਤਾਂ ਸੰਬੰਧਿਤ BLO ਵੱਲੋਂ ਘੱਟੋ-ਘੱਟ ਤਿੰਨ ਵਾਰ ਉਸ ਘਰ ਦਾ ਦੌਰਾ ਕੀਤਾ ਜਾਵੇਗਾ ਅਤੇ ਹਰ ਦੌਰੇ ਦੀ ਜਾਣਕਾਰੀ ਦਰਵਾਜ਼ੇ ‘ਤੇ ਸਟਿੱਕਰ ਲਗਾ ਕੇ ਦਰਜ ਕੀਤੀ ਜਾਵੇਗੀ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੁੱਲ 24,453 ਬੂਥ ਲੈਵਲ ਅਧਿਕਾਰੀ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਦੀ ਗਣਨਾ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਤੱਕ 1 ਕਰੋੜ 84 ਲੱਖ 61 ਹਜ਼ਾਰ 581 ਵੋਟਰਾਂ ਦੀ ਮੈਪਿੰਗ ਪੂਰੀ ਹੋ ਚੁੱਕੀ ਹੈ, ਜੋ ਕਿ ਲਗਭਗ 86.02 ਫੀਸਦੀ ਬਣਦੀ ਹੈ।

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸਮਾਂ-ਸੂਚੀ ਅਨੁਸਾਰ 25 ਜੂਨ ਤੋਂ 24 ਜੁਲਾਈ ਤੱਕ ਘਰੋ-ਘਰੀ ਗਣਨਾ ਦੇ ਨਾਲ-ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦਾ ਕੰਮ ਵੀ ਚੱਲੇਗਾ। ਇਸ ਤੋਂ ਬਾਅਦ ਵੋਟਰ ਸੂਚੀਆਂ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।

ਇਤਰਾਜ਼ ਅਤੇ ਦਾਅਵਿਆਂ ਦੀ ਪ੍ਰਕਿਰਿਆ 3 ਅਗਸਤ ਤੋਂ 2 ਸਤੰਬਰ 2026 ਤੱਕ ਜਾਰੀ ਰਹੇਗੀ, ਜਦਕਿ ਇਨ੍ਹਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ।

ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਸਾਰੇ ਚੋਣ ਅਧਿਕਾਰੀਆਂ ਅਤੇ ਬੂਥ ਲੈਵਲ ਏਜੰਟਾਂ (BLA) ਨੂੰ ਇਸ ਪ੍ਰਕਿਰਿਆ ਸਬੰਧੀ ਪਹਿਲਾਂ ਹੀ ਵਿਸਥਾਰਪੂਰਵਕ ਟਰੇਨਿੰਗ ਦਿੱਤੀ ਜਾ ਚੁੱਕੀ ਹੈ, ਤਾਂ ਜੋ ਗਣਨਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਜਾਂ ਪ੍ਰਸ਼ਾਸਨਿਕ ਸਮੱਸਿਆ ਨਾ ਆਵੇ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੁੰਦੀ, ਤਾਂ ਉਸਨੂੰ ਇਤਰਾਜ਼ ਅਤੇ ਦਾਅਵਿਆਂ ਦੇ ਪੜਾਅ ਦੌਰਾਨ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਕੇ ਉਹ ਆਪਣੀ ਵੋਟ ਦਰਜ ਕਰਵਾ ਸਕੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਯੋਗ ਨਾਗਰਿਕ ਦੀ ਵੋਟ ਬਿਨਾਂ ਵਾਜਬ ਕਾਰਨ ਦੇ ਨਹੀਂ ਕੱਟੀ ਜਾਵੇਗੀ।

ਮੁੱਖ ਚੋਣ ਅਫ਼ਸਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਭਾਰਤੀ ਨਾਗਰਿਕ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਾਂ ਪਾਸਪੋਰਟ ਰੱਖਦੇ ਹਨ, ਉਹ ਭਾਰਤ ਵਿੱਚ ਵੋਟ ਦਾ ਅਧਿਕਾਰ ਨਹੀਂ ਰੱਖਦੇ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਦੋ ਥਾਵਾਂ ‘ਤੇ ਵੋਟ ਬਣਵਾਉਂਦਾ ਹੈ ਜਾਂ ਗੈਰਕਾਨੂੰਨੀ ਤਰੀਕੇ ਨਾਲ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਂਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਤਹਿਤ ਸਜ਼ਾ ਦਾ ਪ੍ਰਾਵਧਾਨ ਵੀ ਹੈ।

ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਪ੍ਰਕਿਰਿਆ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਰਾਜ, ਜ਼ਿਲ੍ਹਾ, ਤਹਿਸੀਲ ਅਤੇ ਬੂਥ ਪੱਧਰ ‘ਤੇ ਮੀਟਿੰਗਾਂ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਵੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਗਿਆ ਹੈ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਸਾਰੇ ਈਆਰਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖੇਤਰਾਂ ਦੇ ਬੀਐਲਓਜ਼ ਨਾਲ ਨਿਯਮਿਤ ਵੀਡੀਓ ਕਾਨਫਰੰਸਿੰਗ ਰਾਹੀਂ ਸੰਪਰਕ ਵਿੱਚ ਰਹਿਣ, ਉਨ੍ਹਾਂ ਤੋਂ ਫੀਡਬੈਕ ਲੈਣ ਅਤੇ ਫੀਲਡ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ, ਤਾਂ ਜੋ ਇਹ ਵੱਡੀ ਚੋਣ ਪ੍ਰਕਿਰਿਆ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਜਾ ਸਕੇ।

Leave a Reply

Your email address will not be published. Required fields are marked *