Monday, June 22Punjabi People

ਬਜ਼ੁਰਗਾਂ ਨਾਲ ਦੁਰਵਿਵਹਾਰ ਰੋਕਣ ਲਈ ਹੈਲਪਲਾਈਨ 14567 ਦੀ ਵਰਤੋਂ ਕਰੋ : ਕੈਬਨਿਟ ਮੰਤਰੀ

ਚੰਡੀਗੜ੍ਹ, 22 ਜੂਨ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਜ਼ੁਰਗ ਨਾਗਰਿਕਾਂ ਲਈ ਇੱਕ ਸੁਰੱਖਿਅਤ, ਸਨਮਾਨਜਨਕ ਅਤੇ ਸਿਹਤਮੰਦ ਜੀਵਨ ਯਕੀਨੀ ਬਣਾਉਣ ਲਈ ਲਗਾਤਾਰ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ, ਸਿਹਤ ਸੇਵਾਵਾਂ, ਜਾਗਰੂਕਤਾ ਮੁਹਿੰਮਾਂ ਅਤੇ ਸਮਾਜਿਕ ਸ਼ਮੂਲੀਅਤ ਪ੍ਰੋਗਰਾਮਾਂ ਦਾ ਲਾਭ ਵਿੱਤੀ ਸਾਲ 2025-26 ਦੌਰਾਨ 1.11 ਲੱਖ ਤੋਂ ਵੱਧ ਬਜ਼ੁਰਗਾਂ ਤੱਕ ਪਹੁੰਚਿਆ ਹੈ, ਜੋ ਸਰਕਾਰ ਦੀ ਬਜ਼ੁਰਗਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਾਂਝੀ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਭਲਾਈ ਸਰਕਾਰ ਦੀਆਂ ਸਭ ਤੋਂ ਉੱਚ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਐਸਾ ਸਮਾਜਿਕ ਢਾਂਚਾ ਤਿਆਰ ਕਰਨ ਲਈ ਕੰਮ ਕਰ ਰਹੀ ਹੈ, ਜਿੱਥੇ ਹਰ ਸੀਨੀਅਰ ਨਾਗਰਿਕ ਨੂੰ ਸਨਮਾਨ, ਸੁਰੱਖਿਆ ਅਤੇ ਪਰਿਵਾਰਕ ਜੁੜਾਅ ਵਰਗੀ ਭਾਵਨਾ ਮਹਿਸੂਸ ਹੋਵੇ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਿਹਤ ਸੰਬੰਧੀ ਵਿਆਪਕ ਕੈਂਪਾਂ ਰਾਹੀਂ ਹਜ਼ਾਰਾਂ ਬਜ਼ੁਰਗਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ, ਕੈਂਸਰ ਜਾਂਚ, ਆਰਥੋਪੀਡਿਕ ਮੁਲਾਂਕਣ, ਅੱਖਾਂ ਅਤੇ ਕੰਨ ਦੀ ਜਾਂਚ, ਫਿਜ਼ੀਓਥੈਰੇਪੀ ਸੈਸ਼ਨ ਅਤੇ ਹੋਰ ਸੇਵਾਵਾਂ ਸ਼ਾਮਲ ਸਨ। ਇਸ ਦੇ ਨਾਲ ਹੀ ਹਜ਼ਾਰਾਂ ਮੋਤੀਆਬਿੰਦ ਸਰਜਰੀਆਂ ਕੀਤੀਆਂ ਗਈਆਂ, ਜਿਸ ਨਾਲ ਬਜ਼ੁਰਗਾਂ ਦੀ ਦ੍ਰਿਸ਼ਟੀ ਅਤੇ ਜੀਵਨ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ।

ਬਜ਼ੁਰਗਾਂ ਨੂੰ ਸਮਾਜਿਕ ਤੌਰ ‘ਤੇ ਸਰਗਰਮ ਅਤੇ ਜੋੜੇ ਰੱਖਣ ਲਈ ਰਾਜ ਭਰ ਵਿੱਚ ਅੰਤਰ-ਪੀੜ੍ਹੀ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਹਜ਼ਾਰਾਂ ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਨੇ ਮਿਲਜੁਲ ਕੇ ਭਾਗ ਲਿਆ। ਇਸ ਨਾਲ ਪੀੜ੍ਹੀਆਂ ਵਿਚਕਾਰ ਸਮਝ, ਸਾਂਝ ਅਤੇ ਸਨਮਾਨ ਨੂੰ ਹੋਰ ਮਜ਼ਬੂਤੀ ਮਿਲੀ ਹੈ। ਇਸੇ ਤਰ੍ਹਾਂ ਉਤਪਾਦਕ ਬੁਢਾਪੇ ਨਾਲ ਜੁੜੀਆਂ ਪਹਿਲਕਦਮੀਆਂ ਰਾਹੀਂ ਬਜ਼ੁਰਗਾਂ ਨੂੰ ਸਮਾਜਿਕ ਤੇ ਆਰਥਿਕ ਤੌਰ ‘ਤੇ ਸਰਗਰਮ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ ਹੈ।

ਮੰਤਰੀ ਨੇ ਕਿਹਾ ਕਿ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਪੁਲਿਸ, ਪ੍ਰਸ਼ਾਸਨ, ਪੰਚਾਇਤੀ ਸੰਸਥਾਵਾਂ, ਯੁਵਾ ਕਲੱਬਾਂ ਅਤੇ ਸਮਾਜਿਕ ਸੰਗਠਨਾਂ ਨੂੰ ਬਜ਼ੁਰਗਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਸੰਵੇਦਨਸ਼ੀਲ ਬਣਾਇਆ ਗਿਆ ਹੈ। ਇਸ ਨਾਲ ਸਮਾਜ ਵਿੱਚ ਬਜ਼ੁਰਗਾਂ ਪ੍ਰਤੀ ਜ਼ਿੰਮੇਵਾਰੀ ਅਤੇ ਸਹਿਯੋਗ ਦੀ ਭਾਵਨਾ ਵਧੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸੰਪੂਰਨ ਤੰਦਰੁਸਤੀ ਕੈਂਪਾਂ, ਯੋਗਾ ਤੇ ਧਿਆਨ ਸੈਸ਼ਨਾਂ, ਹੁਨਰ ਵਿਕਾਸ ਅਤੇ ਮਨੋਰੰਜਨ ਗਤੀਵਿਧੀਆਂ ਰਾਹੀਂ ਹਜ਼ਾਰਾਂ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰਾਸ਼ਟਰੀ ਵਯੋਸ਼੍ਰੀ ਯੋਜਨਾ ਤਹਿਤ ਲੋੜਵੰਦ ਬਜ਼ੁਰਗਾਂ ਨੂੰ ਵ੍ਹੀਲਚੇਅਰ, ਸੁਣਨ ਯੰਤਰ ਅਤੇ ਸਹਾਇਕ ਸਾਧਨ ਵੀ ਪ੍ਰਦਾਨ ਕੀਤੇ ਗਏ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰੀ ਡੇਅਕੇਅਰ ਸੈਂਟਰਾਂ ਵਿੱਚ ਬਜ਼ੁਰਗਾਂ ਲਈ ਇਨਡੋਰ ਖੇਡਾਂ, ਟ੍ਰੈਡਮਿਲ, ਥੈਰੇਪੀ ਸੇਵਾਵਾਂ, ਮਾਲਿਸ਼ ਮਸ਼ੀਨਾਂ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਦੀ ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਅਤੇ ਹੋਰ ਮਹੱਤਵਪੂਰਨ ਮੌਕਿਆਂ ‘ਤੇ ਵਿਸ਼ੇਸ਼ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬਜ਼ੁਰਗ ਨਾਲ ਦੁਰਵਿਵਹਾਰ, ਅਣਗਹਿਲੀ, ਹਿੰਸਾ ਜਾਂ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਉਸ ਦੀ ਤੁਰੰਤ ਰਿਪੋਰਟ ਐਲਡਰ ਹੈਲਪਲਾਈਨ 14567 ‘ਤੇ ਕੀਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗਾਂ ਦੀ ਇੱਜ਼ਤ, ਸੁਰੱਖਿਆ ਅਤੇ ਭਲਾਈ ਦੀ ਰੱਖਿਆ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਨਾਗਰਿਕ ਨੂੰ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *