
ਪੰਚਕੂਲਾ, 22 ਜੂਨ 2026: ਹਰਿਆਣਾ ਸਰਕਾਰ ਨੇ ਸੂਬੇ ਵਿੱਚ ਯੋਗ ਨੂੰ ਜਨ ਅੰਦੋਲਨ ਦਾ ਰੂਪ ਦੇਣ ਅਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਕਈ ਅਹਿਮ ਫ਼ੈਸਲਿਆਂ ਦਾ ਐਲਾਨ ਕੀਤਾ ਹੈ। 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੰਚਕੂਲਾ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਸੂਬੇ ਦੇ ਸਕੂਲਾਂ ਵਿੱਚ ਜਮਾਤ 3ਵੀਂ ਤੋਂ 9ਵੀਂ ਤੱਕ ਯੋਗ ਸਿੱਖਿਆ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸੰਤੁਲਿਤ, ਅਨੁਸ਼ਾਸਿਤ ਅਤੇ ਤੰਦਰੁਸਤ ਬਣਾਉਣ ਦਾ ਵਿਗਿਆਨਕ ਤਰੀਕਾ ਹੈ। ਇਸ ਨੂੰ ਸਕੂਲੀ ਪੱਧਰ ‘ਤੇ ਲਾਗੂ ਕਰਨ ਨਾਲ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਉਹ ਤਣਾਅ-ਮੁਕਤ ਤੇ ਸਿਹਤਮੰਦ ਜੀਵਨ ਵੱਲ ਅੱਗੇ ਵਧਣਗੇ।
ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਯੋਗ ਸਿੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਰੇ ਪੀਟੀਆਈ, ਡੀਪੀਈਡੀ, ਪੀਜੀਟੀ ਅਤੇ ਚੁਣੇ ਹੋਏ ਪੀਆਰਟੀ ਅਧਿਆਪਕਾਂ ਨੂੰ ਯੋਗ ਆਸਣਾਂ ਅਤੇ ਯੋਗ ਅਭਿਆਸ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਨਾਲ ਹਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਨਿਯਮਿਤ ਤੌਰ ’ਤੇ ਯੋਗ ਕਰਨ ਦਾ ਮੌਕਾ ਮਿਲੇਗਾ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਹੋਵੇਗਾ।
ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਹਰਿਆਣਾ ਸਟਾਫ਼ ਚੋਣ ਕਮਿਸ਼ਨ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਯੋਗ ਨਾਲ ਸਬੰਧਿਤ ਪ੍ਰਸ਼ਨਾਂ ਨੂੰ ਲਾਜ਼ਮੀ ਤੌਰ ’ਤੇ ਸ਼ਾਮਲ ਕੀਤਾ ਜਾਵੇਗਾ। ਇਸ ਮੰਤਵ ਲਈ ਪ੍ਰੀਖਿਆ ਨੀਤੀਆਂ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ, ਤਾਂ ਜੋ ਨੌਜਵਾਨਾਂ ਵਿੱਚ ਯੋਗ ਬਾਰੇ ਜਾਣਕਾਰੀ ਅਤੇ ਰੁਚੀ ਨੂੰ ਹੋਰ ਪ੍ਰੋਤਸਾਹਨ ਮਿਲ ਸਕੇ।
ਮੁੱਖ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਮੋਰਨੀ ਵਿੱਚ ਕੁਦਰਤੀ ਇਲਾਜ ਅਤੇ ਯੋਗ ਵਿਗਿਆਨ ਨੂੰ ਸਮਰਪਿਤ ਇੱਕ ਸੂਬਾ ਪੱਧਰੀ ਸੰਸਥਾ ਸਥਾਪਿਤ ਕੀਤੀ ਜਾਵੇਗੀ। ਇਸ ਸੰਸਥਾ ਵਿੱਚ ਕੁਦਰਤੀ ਇਲਾਜ ਅਤੇ ਯੋਗ ਨਾਲ ਸਬੰਧਿਤ ਗ੍ਰੈਜੂਏਟ ਪੱਧਰ ਦੇ ਕੋਰਸ ਚਲਾਏ ਜਾਣਗੇ, ਜਿਸ ਨਾਲ ਇਸ ਖੇਤਰ ਵਿੱਚ ਸਿੱਖਿਆ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਪੰਜ ‘ਉੱਤਮਤਾ ਕੇਂਦਰਾਂ’ (Centres of Excellence) ਵਿੱਚ ਯੋਗ ਨੂੰ ਇੱਕ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਯੋਗ ਸਿੱਖਿਆ, ਖੋਜ, ਨਵੀਨਤਾ ਅਤੇ ਵਿਗਿਆਨਕ ਅਧਿਐਨ ਨੂੰ ਨਵਾਂ ਉਤਸ਼ਾਹ ਮਿਲੇਗਾ।
ਯੋਗ ਨੂੰ ਸੰਸਥਾਗਤ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਦੇ ਸਾਰੇ ਉੱਚ ਸਿੱਖਿਆ ਸੰਸਥਾਨਾਂ ਦੇ ਖੇਡ ਵਿਭਾਗਾਂ ਦਾ ਨਾਮ ਬਦਲ ਕੇ ‘ਖੇਡ ਅਤੇ ਯੋਗ ਵਿਭਾਗ’ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਯੋਗਾਸਨ ਨੂੰ ਹਰਿਆਣਾ ਦੀ ਖੇਡ ਨੀਤੀ ਵਿੱਚ ਇੱਕ ਅਧਿਕਾਰਤ ਖੇਡ ਅਨੁਸ਼ਾਸਨ ਵਜੋਂ ਸ਼ਾਮਲ ਕੀਤਾ ਜਾਵੇਗਾ, ਜਿਸ ਲਈ ਲੋੜੀਂਦੀਆਂ ਨੀਤੀਗਤ ਤਬਦੀਲੀਆਂ ਕੀਤੀਆਂ ਜਾਣਗੀਆਂ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਯੁਰਵੇਦ ਅਤੇ ਯੋਗ ਭਾਰਤੀ ਗਿਆਨ ਪਰੰਪਰਾ ਦੇ ਦੋ ਮਹੱਤਵਪੂਰਨ ਅੰਗ ਹਨ। ਇਸ ਲਈ ਆਯੁਰਵੇਦ ਪਾਠਕ੍ਰਮ ਦੇ ਚੁਣੇ ਹੋਏ ਤੱਤਾਂ ਨੂੰ ਵੀ ਯੋਗ ਸਿੱਖਿਆ ਨਾਲ ਜੋੜਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਸੰਪੂਰਨ ਸਿਹਤ ਪ੍ਰਣਾਲੀ ਬਾਰੇ ਜਾਣਕਾਰੀ ਮਿਲ ਸਕੇ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਯੁਸ਼ ਵਿਭਾਗ ਅਧੀਨ ਮਨਜ਼ੂਰਸ਼ੁਦਾ ਯੋਗ ਕੋਚਾਂ ਅਤੇ ਇੰਸਟ੍ਰਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ, ਜਿਸ ਨਾਲ ਸੂਬੇ ਵਿੱਚ ਯੋਗ ਸਿਖਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰਾਰਥਨਾ ਸਭਾਵਾਂ ਦੌਰਾਨ ਸਮੂਹਿਕ ਰੂਪ ਵਿੱਚ ਰਾਜ ਗੀਤ ਗਾਇਆ ਜਾਵੇਗਾ। ਇਸ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸੂਬਾਈ ਮਾਣ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਚੇਤਨਾ ਨੂੰ ਉਤਸ਼ਾਹ ਮਿਲੇਗਾ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਰਕਾਰ ਵੱਲੋਂ ਕੀਤੀਆਂ ਇਹ ਪਹਿਲਕਦਮੀਆਂ ਯੋਗ ਨੂੰ ਕੇਵਲ ਇੱਕ ਕਸਰਤ ਤੱਕ ਸੀਮਿਤ ਨਹੀਂ ਰੱਖਣਗੀਆਂ, ਸਗੋਂ ਇਸ ਨੂੰ ਜੀਵਨ ਜਿਉਣ ਦੀ ਇੱਕ ਵਿਗਿਆਨਕ, ਸੰਤੁਲਿਤ ਅਤੇ ਸਿਹਤਮੰਦ ਪੱਧਤੀ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
