
ਅੰਮ੍ਰਿਤਸਰ, 20 ਜੂਨ 2026: ਪੰਜਾਬ ਦੀ ਸਿਆਸਤ ਅਤੇ ਧਾਰਮਿਕ ਮਹੱਤਤਾ ਨਾਲ ਜੁੜੇ ਇੱਕ ਸੰਵੇਦਨਸ਼ੀਲ ਮਾਮਲੇ ਦੇ ਸੰਦਰਭ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਹੋਈ ਗੱਲਬਾਤ ਦੀ ਵੀਡੀਓ ਸਾਹਮਣੇ ਆਈ ਹੈ। ਇਹ ਗੱਲਬਾਤ ਉਸ ਸਮੇਂ ਨਾਲ ਜੋੜੀ ਜਾ ਰਹੀ ਹੈ ਜਦੋਂ ਮੁੱਖ ਮੰਤਰੀ 15 ਜਨਵਰੀ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ-ਵੱਖ ਮਸਲਿਆਂ ਸਬੰਧੀ ਪੇਸ਼ ਹੋਣ ਲਈ ਪੁੱਜੇ ਸਨ।
ਜਾਰੀ ਕੀਤੀ ਗਈ ਵੀਡੀਓ ਵਿੱਚ ਦੋਹਾਂ ਵਿਚਾਲੇ ਇੱਕ ਇਤਰਾਜ਼ਯੋਗ ਕਲਿੱਪ ਨੂੰ ਲੈ ਕੇ ਚਰਚਾ ਹੁੰਦੀ ਦਿਖਾਈ ਦਿੰਦੀ ਹੈ, ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਇਹ ਵੀਡੀਓ “ਪੂਰੀ ਤਰ੍ਹਾਂ ਨਕਲੀ ਅਤੇ ਤਕਨੀਕੀ ਤੌਰ ‘ਤੇ ਤਿਆਰ ਕੀਤੀ ਹੋਈ” ਲੱਗਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨਾਲ ਐਸੀ ਝੂਠੀਆਂ ਵੀਡੀਓ ਬਣਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਵੀਡੀਓ ਵੀ ਇਸੇ ਤਰ੍ਹਾਂ ਦੀ ਹੋ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਵੀ ਇਸ ਮਾਮਲੇ ਦੀ ਫੋਰੈਂਸਿਕ ਜਾਂਚ ਦੇ ਹੱਕ ਵਿੱਚ ਹਨ ਅਤੇ ਜੇ ਲੋੜ ਪਈ ਤਾਂ ਉਹ ਜਾਂਚ ਲਈ ਲੈਬਾਂ ਦੇ ਵਿਕਲਪ ਵੀ ਸਾਂਝੇ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਵੀਡੀਓ ਦੀ ਸੱਚਾਈ ਸਾਹਮਣੇ ਲਿਆਉਣ ਲਈ ਫੋਰੈਂਸਿਕ ਜਾਂਚ ਹੀ ਇਕੱਲਾ ਸਹੀ ਰਸਤਾ ਹੈ।
ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਵੀਡੀਓ ਦੀ ਜਾਂਚ ਲਈ ਕਿਹੜੀਆਂ ਫੋਰੈਂਸਿਕ ਲੈਬਾਂ ਚੁਣੀਆਂ ਜਾਣ। ਉਨ੍ਹਾਂ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਦੋ ਵੱਖ-ਵੱਖ ਲੈਬਾਂ ਰਾਹੀਂ ਜਾਂਚ ਕਰਵਾਈ ਜਾਵੇਗੀ ਅਤੇ ਸਰਕਾਰ ਵੀ ਆਪਣੀ ਤਰਫੋਂ ਇਸ ਪ੍ਰਕਿਰਿਆ ਵਿੱਚ ਸਹਿਯੋਗ ਦੇਵੇ।
ਜਥੇਦਾਰ ਨੇ ਕਿਹਾ ਕਿ ਇਹ ਮਾਮਲਾ ਗੁਰੂ ਸਾਹਿਬਾਨ ਨਾਲ ਜੁੜੀਆਂ ਭਾਵਨਾਵਾਂ ਨਾਲ ਸੰਬੰਧਿਤ ਹੈ, ਇਸ ਲਈ ਕਿਸੇ ਦੀ ਵੀ ਬੇਵਜ੍ਹਾ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਜ਼ੋਰ ਦਿੱਤਾ ਕਿ ਸੱਚਾਈ ਜਾਂ ਝੂਠ ਦਾ ਫੈਸਲਾ ਸਿਰਫ਼ ਵਿਗਿਆਨਕ ਫੋਰੈਂਸਿਕ ਜਾਂਚ ਰਾਹੀਂ ਹੀ ਹੋ ਸਕਦਾ ਹੈ।
ਵੀਡੀਓ ਸੰਬੰਧੀ ਚਰਚਾ ਦੌਰਾਨ ਮੁੱਖ ਮੰਤਰੀ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਵੀ ਕੁਝ ਵਿਅਕਤੀਆਂ ਵੱਲੋਂ ਗਲਤ ਵੀਡੀਓਜ਼ ਫੈਲਾਈਆਂ ਗਈਆਂ ਹਨ ਅਤੇ ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਉਹ ਪੂਰੀ ਤਰ੍ਹਾਂ ਜਾਂਚ ਲਈ ਤਿਆਰ ਹਨ ਅਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਇਹ ਮਾਮਲਾ ਹੁਣ ਰਾਜਨੀਤਿਕ ਅਤੇ ਧਾਰਮਿਕ ਦੋਹਾਂ ਪੱਧਰਾਂ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ, ਜਿੱਥੇ ਫੋਰੈਂਸਿਕ ਜਾਂਚ ਨੂੰ ਹੀ ਅੰਤਿਮ ਹੱਲ ਵਜੋਂ ਦੇਖਿਆ ਜਾ ਰਿਹਾ ਹੈ।
