
ਚੰਡੀਗੜ੍ਹ, 16 ਜੂਨ 2026: ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਸੂਬੇ ਵਿੱਚ ਹੁਨਰ ਵਿਕਾਸ, ਰੋਜ਼ਗਾਰ ਦੇ ਮੌਕੇ ਅਤੇ ਨਿਰਯਾਤ ਸਮਰੱਥਾ ਨੂੰ ਵਧਾਉਣ ਲਈ ਰਾਸ਼ਟਰੀ ਪੱਧਰ ਦੀ ਪ੍ਰਮੁੱਖ ਸੰਸਥਾ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਨਾਲ ਇੱਕ ਮਹੱਤਵਪੂਰਨ ਰਣਨੀਤਕ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਗਿਆ ਹੈ। ਇਸ ਭਾਈਵਾਲੀ ਦਾ ਉਦੇਸ਼ ਪੰਜਾਬ ਦੇ ਖੇਡ ਸਮਾਨ, ਜੁੱਤੀ ਅਤੇ ਚਮੜਾ ਉਦਯੋਗ ਨੂੰ ਆਧੁਨਿਕ ਤਕਨਾਲੋਜੀ ਅਤੇ ਗਲੋਬਲ ਮਿਆਰਾਂ ਨਾਲ ਜੋੜ ਕੇ ਹੋਰ ਮਜ਼ਬੂਤ ਬਣਾਉਣਾ ਹੈ।
ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਸ ਸਮਝੌਤੇ ਨੂੰ ਸੂਬੇ ਦੇ ਰਵਾਇਤੀ ਉਦਯੋਗਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਇਤਿਹਾਸਕ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਪੰਜਾਬ ਦੀਆਂ ਪੁਰਾਣੀਆਂ ਉਦਯੋਗਿਕ ਸਮਰੱਥਾਵਾਂ ਨੂੰ ਆਧੁਨਿਕ, ਤਕਨਾਲੋਜੀ-ਅਧਾਰਤ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇਯੋਗ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਭਾਈਵਾਲੀ ਰਾਹੀਂ ਉਦਯੋਗਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ, ਡਿਜ਼ਾਈਨ ਅਤੇ ਨਵੀਨਤਾ ਦੀਆਂ ਸਹੂਲਤਾਂ, ਹੁਨਰਮੰਦ ਮੈਨਪਾਵਰ ਅਤੇ ਮਜ਼ਬੂਤ ਮਾਰਕੀਟ ਕਨੈਕਟਿਵਿਟੀ ਮਿਲੇਗੀ। ਇਸ ਨਾਲ ਸੂਬੇ ਦੇ ਐਮਐਸਐਮਈਜ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਪਲਾਈ ਚੇਨਾਂ ਨਾਲ ਜੁੜਨ ਅਤੇ ਆਪਣੀ ਨਿਰਯਾਤ ਸਮਰੱਥਾ ਵਧਾਉਣ ਵਿੱਚ ਵੱਡੀ ਮਦਦ ਮਿਲੇਗੀ।
ਇਸ ਸਮਝੌਤੇ ਤਹਿਤ ਜਲੰਧਰ, ਜੋ ਕਿ ਦੇਸ਼ ਦੇ ਪ੍ਰਮੁੱਖ ਖੇਡ ਉਤਪਾਦਨ ਕੇਂਦਰਾਂ ਵਿੱਚੋਂ ਇੱਕ ਹੈ, ਵਿੱਚ ਸਪੋਰਟਸ ਗੁੱਡਜ਼ ਟੈਸਟਿੰਗ ਅਤੇ ਡਿਵੈਲਪਮੈਂਟ ਲੈਬ ਸਥਾਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸੂਬੇ ਭਰ ਵਿੱਚ ਫੁੱਟਵੇਅਰ ਅਤੇ ਐਕਸੈਸਰੀਜ਼ ਲਈ ਟੈਸਟਿੰਗ ਅਤੇ ਸੈਂਪਲ ਕਲੈਕਸ਼ਨ ਸੈਂਟਰ ਵੀ ਸਥਾਪਤ ਕੀਤੇ ਜਾਣਗੇ, ਜਿਸ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਮਐਸਐਮਈਜ਼) ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ ਜਾਂਚ ਸਥਾਨਕ ਪੱਧਰ ‘ਤੇ ਹੀ ਮਿਲ ਸਕੇਗੀ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਭਾਈਵਾਲੀ ਤਹਿਤ ਇੱਕ ਸੈਂਟਰ ਆਫ ਐਕਸੀਲੈਂਸ ਵੀ ਵਿਕਸਿਤ ਕੀਤਾ ਜਾਵੇਗਾ ਜੋ ਉਦਯੋਗ, ਅਕਾਦਮਿਕ ਸੰਸਥਾਵਾਂ, ਸਟਾਰਟਅੱਪਸ ਅਤੇ ਤਕਨੀਕੀ ਮਾਹਿਰਾਂ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਲਿਆਵੇਗਾ। ਇੱਥੇ ਡਿਜ਼ਾਈਨਿੰਗ, ਉਤਪਾਦ ਵਿਕਾਸ, ਗੁਣਵੱਤਾ ਭਰੋਸਾ, ਰਿਟੇਲ ਮੈਨੇਜਮੈਂਟ ਅਤੇ ਫੈਸ਼ਨ ਐਕਸੈਸਰੀਜ਼ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਏ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਉਦਯੋਗਿਕ ਉਤਪਾਦਨ ਦੇ ਸਮੇਂ ਨੂੰ ਘਟਾਉਣ, ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਗੁਣਵੱਤਾ ਸੁਧਾਰਨ ਅਤੇ ਘਰੇਲੂ ਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਪੰਜਾਬੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ, ਸਟਾਰਟਅੱਪਸ ਲਈ ਇਨਕਿਊਬੇਸ਼ਨ ਅਤੇ ਉਦਯੋਗਿਕ ਖੋਜ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਸਮਝੌਤੇ ‘ਤੇ ਨਿਵੇਸ਼ ਪੰਜਾਬ ਦੇ ਸੀਈਓ ਸ੍ਰੀ ਅਮਿਤ ਢਾਕਾ ਦੀ ਮੌਜੂਦਗੀ ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਐਫਡੀਡੀਆਈ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਵੇਕ ਸ਼ਰਮਾ ਵੱਲੋਂ ਦਸਤਖਤ ਕੀਤੇ ਗਏ।
ਪ੍ਰਸ਼ਾਸਕੀ ਸਕੱਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਤਹਿਤ ਤਕਨਾਲੋਜੀ ਅਪਣਾਉਣ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਦਯੋਗਾਂ ਨੂੰ ਵਿਸ਼ਵ ਬਾਜ਼ਾਰ ਦੀਆਂ ਬਦਲਦੀਆਂ ਮੰਗਾਂ ਅਨੁਸਾਰ ਤਿਆਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਹ ਸਮਝੌਤਾ ਪੰਜਾਬ ਦੇ ਖੇਡ ਸਮਾਨ ਅਤੇ ਫੁੱਟਵੇਅਰ ਉਦਯੋਗ ਲਈ ਇੱਕ ਨਵਾਂ ਦੌਰ ਸ਼ੁਰੂ ਕਰਦਾ ਹੈ, ਜੋ ਸੂਬੇ ਨੂੰ ਨਿਰਯਾਤ ਅਤੇ ਉੱਚ ਗੁਣਵੱਤਾ ਨਿਰਮਾਣ ਦੇ ਕੇਂਦਰ ਵਜੋਂ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
