Saturday, June 20Punjabi People

ਚੰਡੀਗੜ੍ਹ ਕੈਸ਼ੀਅਰ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸ਼ੂਟਰਾਂ ਦੀ ਭਾਲ ‘ਚ AGTF ਸਰਗਰਮ

ਚੰਡੀਗੜ੍ਹ, 15 ਜੂਨ 2026: ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਸਟੋਰ ਵਿੱਚ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਵਿੱਚ ਮਾਰੇ ਗਏ ਕੈਸ਼ੀਅਰ ਜਾਨਕੀ ਦਾਸ ਦਾ ਅੰਤਿਮ ਸਸਕਾਰ ਅੱਜ ਉਸਦੇ ਜੱਦੀ ਪਿੰਡ (ਹਿਮਾਚਲ ਪ੍ਰਦੇਸ਼) ਵਿੱਚ ਕੀਤਾ ਜਾਵੇਗਾ। ਐਤਵਾਰ ਨੂੰ ਸੈਕਟਰ-16 ਹਸਪਤਾਲ ਵਿੱਚ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ।

ਪੋਸਟਮਾਰਟਮ ਰਿਪੋਰਟ ਵਿੱਚ ਡਾਕਟਰਾਂ ਦੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਕੈਸ਼ੀਅਰ ਨੂੰ ਕਰੀਬ ਡੇਢ ਫੁੱਟ ਦੀ ਨਜ਼ਦੀਕੀ ਦੂਰੀ ਤੋਂ ਗੋਲੀਆਂ ਮਾਰੀ ਗਈਆਂ ਸਨ। ਉਸਦੇ ਸਰੀਰ ਵਿੱਚ ਕਈ ਗੋਲੀਆਂ ਵੱਜੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਪਸਲੀ ਵਿੱਚ ਫਸ ਗਈ। ਹਮਲਾਵਰਾਂ ਵੱਲੋਂ ਕੁੱਲ ਕਰੀਬ 11 ਰਾਉਂਡ ਫਾਇਰ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਅਤੇ ਯੋਜਨਾਬੱਧ ਹਮਲੇ ਵੱਲ ਇਸ਼ਾਰਾ ਕਰਦਾ ਹੈ।

ਇਸ ਦਰਮਿਆਨ ਚੰਡੀਗੜ੍ਹ ਪੁਲਿਸ ਹਜੇ ਤੱਕ ਤਿੰਨ ਹਮਲਾਵਰਾਂ ਦੀ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਕਰ ਸਕੀ ਹੈ। ਜਾਂਚ ਨੂੰ ਤੇਜ਼ ਕਰਦਿਆਂ ਆਪ੍ਰੇਸ਼ਨ ਸੈੱਲ ਨੇ ਉਸ ਆਟੋ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਨੇ ਘਟਨਾ ਤੋਂ ਬਾਅਦ ਸ਼ੱਕੀ ਨੌਜਵਾਨਾਂ ਨੂੰ ਸੈਕਟਰ-10 ਲੇਜ਼ਰ ਵੈਲੀ ਤੋਂ ਸੈਕਟਰ-43 ਬੱਸ ਸਟੈਂਡ ਤੱਕ ਛੱਡਿਆ ਸੀ।

ਪੁਲਿਸ ਪੁੱਛਗਿੱਛ ਦੌਰਾਨ ਆਟੋ ਡਰਾਈਵਰ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੇ ਸੈਕਟਰ-10 ਨੇੜੇ ਉਸਦਾ ਆਟੋ ਰੋਕਿਆ ਸੀ ਅਤੇ ਕਝਹੇੜੀ ਵੱਲ ਜਾਣ ਦੀ ਮੰਗ ਕੀਤੀ ਸੀ। ਯਾਤਰਾ ਦੌਰਾਨ ਤਿੰਨੋ ਨੌਜਵਾਨ ਪਿਛਲੀ ਸੀਟ ‘ਤੇ ਬੈਠੇ ਰਹੇ ਅਤੇ ਪੰਜਾਬੀ ਭਾਸ਼ਾ ਵਿੱਚ ਆਪਸ ਵਿੱਚ ਗੱਲਾਂ ਕਰਦੇ ਰਹੇ।

ਜਾਂਚ ਵਿੱਚ ਸਾਹਮਣੇ ਆਈ ਨਵੀਂ ਸੀਸੀਟੀਵੀ ਫੁਟੇਜ ਨੇ ਪੁਲਿਸ ਦੀ ਤਫਤੀਸ਼ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਫੁਟੇਜ ਮੁਤਾਬਕ ਹਮਲਾਵਰ ਸ਼ਨੀਵਾਰ ਦੁਪਹਿਰ ਕਰੀਬ 2:28 ਵਜੇ ਸੈਕਟਰ-43 ਬੱਸ ਸਟੈਂਡ ਦੇ ਸਾਹਮਣੇ ਦਿੱਖੇ ਅਤੇ 3:18 ਵਜੇ ਕਝਹੇੜੀ ਇਲਾਕੇ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ ਉੱਥੋਂ ਭੱਜਦੇ ਨਜ਼ਰ ਆਏ। ਇਸ ਤਰ੍ਹਾਂ ਹਮਲੇ ਦੀ ਸਾਰੀ ਕਾਰਵਾਈ ਲਗਭਗ ਇੱਕ ਘੰਟੇ ਦੇ ਅੰਦਰ-ਅੰਦਰ ਅੰਜਾਮ ਦਿੱਤੀ ਗਈ।

ਪੁਲਿਸ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਹਮਲੇ ਤੋਂ ਬਾਅਦ ਦੋਸ਼ੀ ਸਾਈਕਲ ਰਾਹੀਂ ਸੈਕਟਰ-10 ਲੇਜ਼ਰ ਵੈਲੀ ਵੱਲ ਭੱਜੇ, ਜਿੱਥੇ ਉਨ੍ਹਾਂ ਵੱਲੋਂ ਵਰਤੀ ਗਈ ਮੋਟਰਸਾਈਕਲ ਬਾਅਦ ਵਿੱਚ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਆਟੋ ਬੁੱਕ ਕਰਕੇ ਕਝਹੇੜੀ ਤੱਕ ਦਾ ਸਫ਼ਰ ਕੀਤਾ। ਕੁੱਲ ਮਿਲਾ ਕੇ ਕਰੀਬ 9 ਕਿਲੋਮੀਟਰ ਦੀ ਦੂਰੀ ਨੂੰ ਉਹਨਾਂ ਨੇ ਲਗਭਗ 25 ਮਿੰਟ ਵਿੱਚ ਤੈਅ ਕੀਤਾ।

ਜਾਂਚ ਅਧਿਕਾਰੀਆਂ ਅਨੁਸਾਰ, ਬਾਕੀ ਸਮਾਂ ਹਮਲਾਵਰਾਂ ਨੇ ਆਟੋ ਦੀ ਉਡੀਕ, ਕੱਪੜੇ ਬਦਲਣ ਅਤੇ ਇੱਕ ਦੁਕਾਨ ‘ਤੇ ਰੁਕਣ ਵਿੱਚ ਬਿਤਾਇਆ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਹਮਲਾ ਪਹਿਲਾਂ ਤੋਂ ਯੋਜਨਾ ਬੱਧ ਸੀ ਅਤੇ ਭੱਜਣ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਵੀ ਜਾਂਚ ਵਿੱਚ ਸ਼ਾਮਲ ਹੋ ਗਈ ਹੈ। ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ AGTF ਟੀਮਾਂ ਨੇ ਵੱਖ-ਵੱਖ ਕੋਣਾਂ ਤੋਂ ਹਮਲਾਵਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੁਲਜ਼ਮ ਪੰਜਾਬ ਤੋਂ ਬਾਹਰ ਵੀ ਫਰਾਰ ਹੋ ਸਕਦੇ ਹਨ, ਜਿਸ ਕਾਰਨ ਸਰਹੱਦੀ ਰਾਜਾਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਜਲਦੀ ਹੀ ਹਮਲਾਵਰਾਂ ਤੱਕ ਪਹੁੰਚ ਬਣਾਈ ਜਾ ਸਕਦੀ ਹੈ। ਜਾਂਚ ਨੂੰ ਹੁਣ ਹਾਈ-ਪ੍ਰਾਇਓਰਟੀ ਕੇਸ ਵਜੋਂ ਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *