
ਚੰਡੀਗੜ੍ਹ, 13 ਜੂਨ 2026: ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸੂਬੇ ਵਿੱਚ ਚਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਸਕਾਰਾਤਮਕ ਨਤੀਜੇ ਦੇ ਰਹੀ ਹੈ ਅਤੇ ਨਸ਼ਾ ਖ਼ਿਲਾਫ਼ ਲੜਾਈ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ। ਅਧਿਕਾਰੀਆਂ ਅਨੁਸਾਰ ਇਸ ਮੁਹਿੰਮ ਦੀ ਸਫ਼ਲਤਾ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ‘ਤੇ ਹੀ ਨਹੀਂ, ਸਗੋਂ ਰੋਕਥਾਮ, ਸਮੇਂ ਸਿਰ ਪਛਾਣ, ਇਲਾਜ, ਮੁੜ ਵਸੇਬਾ ਅਤੇ ਪਰਿਵਾਰਕ-ਸਮਾਜਿਕ ਸਹਿਯੋਗ ‘ਤੇ ਵੀ ਨਿਰਭਰ ਕਰਦੀ ਹੈ।
ਸਰਕਾਰ ਵੱਲੋਂ 1 ਮਾਰਚ 2025 ਨੂੰ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਸਪਲਾਈ ਚੇਨਾਂ ‘ਤੇ ਸਖ਼ਤ ਕਾਰਵਾਈ ਦੇ ਨਾਲ-ਨਾਲ ਨਸ਼ਾ ਮੁਕਤੀ ਕੇਂਦਰਾਂ, ਕਾਊਂਸਲਿੰਗ ਸੇਵਾਵਾਂ ਅਤੇ ਜਨ-ਜਾਗਰੂਕਤਾ ਪ੍ਰੋਗਰਾਮਾਂ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
90 ਹਜ਼ਾਰ ਤੋਂ ਵੱਧ ਲੋਕਾਂ ਨੂੰ ਇਲਾਜ ਦੀ ਸਹੂਲਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 1 ਮਾਰਚ 2025 ਤੋਂ ਮਈ 2026 ਤੱਕ ਪੰਜਾਬ ਭਰ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (OOAT) ਕੇਂਦਰਾਂ ਰਾਹੀਂ 90,000 ਤੋਂ ਵੱਧ ਨਸ਼ਾ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਰਿਕਵਰੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਦਰਸਾਉਂਦਾ ਹੈ ਕਿ ਸਰਕਾਰ ਦਾ ਫੋਕਸ ਸਿਰਫ਼ ਦਬਾਅ ਬਣਾਉਣ ‘ਤੇ ਨਹੀਂ, ਸਗੋਂ ਪ੍ਰਭਾਵਿਤ ਲੋਕਾਂ ਨੂੰ ਮੁੜ ਆਮ ਜੀਵਨ ਵੱਲ ਲਿਜਾਣ ‘ਤੇ ਵੀ ਹੈ।
ਸਮਾਜ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ-ਨਾਲ ਪਰਿਵਾਰਾਂ, ਅਧਿਆਪਕਾਂ ਅਤੇ ਸਮਾਜ ਦੀ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸ਼ੁਰੂਆਤੀ ਪਛਾਣ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ, ਪਰ ਅਕਸਰ ਇਹ ਸੰਕੇਤ ਨਜ਼ਰਅੰਦਾਜ਼ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਲੱਛਣਾਂ ਵਿੱਚ ਵਿਹਾਰਕ ਅਤੇ ਭਾਵਨਾਤਮਕ ਤਬਦੀਲੀਆਂ ਸ਼ਾਮਲ ਹੁੰਦੀਆਂ ਹਨ, ਜਿਵੇਂ ਅਚਾਨਕ ਚਿੜਚਿੜਾਪਣ, ਮੂਡ ਸਵਿੰਗ, ਪੜ੍ਹਾਈ ਜਾਂ ਕੰਮ ਵਿੱਚ ਦਿਲਚਸਪੀ ਘਟਣਾ, ਪਰਿਵਾਰ ਤੋਂ ਦੂਰੀ ਬਣਾਉਣਾ, ਗੁਪਤਤਾ ਵਧਣਾ, ਨਵੇਂ ਦੋਸਤ ਬਣਨਾ ਅਤੇ ਪੈਸਿਆਂ ਦੀ ਵਾਰ-ਵਾਰ ਮੰਗ।
ਸਰੀਰਕ ਲੱਛਣਾਂ ਵਿੱਚ ਥਕਾਵਟ, ਅੱਖਾਂ ਦਾ ਲਾਲ ਹੋਣਾ, ਨੀਂਦ ਦੀ ਗੜਬੜ, ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਅਤੇ ਸਫ਼ਾਈ ਵੱਲ ਅਣਦੇਖੀ ਵੀ ਸ਼ਾਮਲ ਹੋ ਸਕਦੀ ਹੈ। ਮਾਹਰਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸੰਕੇਤਾਂ ਨੂੰ ਹਲਕੇ ਵਿੱਚ ਨਾ ਲੈਣ ਅਤੇ ਬੱਚਿਆਂ ਨਾਲ ਸ਼ਾਂਤੀਪੂਰਵਕ ਗੱਲਬਾਤ ਕਰਕੇ ਜ਼ਰੂਰਤ ਪੈਣ ‘ਤੇ ਮਾਹਿਰਾਂ ਦੀ ਸਲਾਹ ਲੈਣ।
ਮੁੜ ਵਸੇਬੇ ਨਾਲ ਬਦਲ ਰਹੀਆਂ ਜ਼ਿੰਦਗੀਆਂ
ਮੁਹਿੰਮ ਤਹਿਤ ਕਈ ਨਸ਼ਾ ਪ੍ਰਭਾਵਿਤ ਵਿਅਕਤੀ ਇਲਾਜ ਅਤੇ ਕਾਊਂਸਲਿੰਗ ਰਾਹੀਂ ਮੁੜ ਸਿਹਤਮੰਦ ਜੀਵਨ ਵੱਲ ਵਾਪਸ ਆ ਰਹੇ ਹਨ। ਅੰਮ੍ਰਿਤਸਰ ਦੇ ਇੱਕ ਰਿਕਵਰ ਹੋਏ ਵਿਅਕਤੀ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਮਿਲੇ ਸਹਿਯੋਗ ਅਤੇ ਇਲਾਜ ਨੇ ਉਸ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ। ਉਸ ਨੇ ਕਿਹਾ ਕਿ ਹੁਣ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਬਿਹਤਰ ਭਵਿੱਖ ਵੱਲ ਵਧ ਰਿਹਾ ਹੈ।
ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਲਗਾਤਾਰ ਇਲਾਜ ਅਤੇ ਕਾਊਂਸਲਿੰਗ ਨਾਲ ਉਹ ਨਸ਼ੇ ਦੀ ਲਤ ਤੋਂ ਬਾਹਰ ਆਉਣ ਵਿੱਚ ਸਫ਼ਲ ਹੋਇਆ ਹੈ ਅਤੇ ਹੁਣ ਆਮ ਜੀਵਨ ਵੱਲ ਵਾਪਸੀ ਕਰ ਰਿਹਾ ਹੈ।
ਮਾਪਿਆਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼
ਸਰਕਾਰ ਅਤੇ ਮਾਹਰਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ:
- ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਇਆ ਜਾਵੇ
- ਖੁੱਲ੍ਹਾ ਅਤੇ ਭਰੋਸੇਯੋਗ ਸੰਵਾਦ ਬਣਾਇਆ ਜਾਵੇ
- ਉਨ੍ਹਾਂ ਦੀਆਂ ਦਿਨਚਰੀਆ ਅਤੇ ਦੋਸਤਾਂ ‘ਤੇ ਨਜ਼ਰ ਰੱਖੀ ਜਾਵੇ
- ਵਿਹਾਰ ਅਤੇ ਆਰਥਿਕ ਲੋੜਾਂ ਵਿੱਚ ਆਉਣ ਵਾਲੇ ਬਦਲਾਅ ਸਮਝੇ ਜਾਣ
- ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵੱਲ ਪ੍ਰੇਰਿਤ ਕੀਤਾ ਜਾਵੇ
- ਸ਼ੁਰੂਆਤੀ ਸ਼ੱਕ ਹੋਣ ‘ਤੇ ਤੁਰੰਤ ਕਾਊਂਸਲਿੰਗ ਜਾਂ ਇਲਾਜ ਕਰਵਾਇਆ ਜਾਵੇ
ਸਰਕਾਰ ਦਾ ਤਿੰਨ-ਪੱਖੀ ਫੋਕਸ
ਪੰਜਾਬ ਸਰਕਾਰ ਅਨੁਸਾਰ ਨਸ਼ਿਆਂ ਖ਼ਿਲਾਫ਼ ਰਣਨੀਤੀ ਤਿੰਨ ਮੁੱਖ ਥੰਮ੍ਹਾਂ ‘ਤੇ ਆਧਾਰਿਤ ਹੈ—
ਨਸ਼ਾ ਸਪਲਾਈ ‘ਤੇ ਰੋਕ, ਇਲਾਜ ਅਤੇ ਨਸ਼ਾ ਮੁਕਤੀ, ਅਤੇ ਮੁੜ ਵਸੇਬਾ ਤੇ ਕਾਊਂਸਲਿੰਗ।
ਸਰਕਾਰ ਦਾ ਕਹਿਣਾ ਹੈ ਕਿ ਸਿਰਫ਼ ਤਸਕਰਾਂ ਖ਼ਿਲਾਫ਼ ਕਾਰਵਾਈ ਕਾਫ਼ੀ ਨਹੀਂ, ਸਗੋਂ ਪ੍ਰਭਾਵਿਤ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣਾ ਵੀ ਉਤਨਾ ਹੀ ਜ਼ਰੂਰੀ ਹੈ। ਇਸ ਲਈ ਪਰਿਵਾਰਾਂ, ਸਕੂਲਾਂ ਅਤੇ ਸਿਹਤ ਸੰਸਥਾਵਾਂ ਦੀ ਸਾਂਝੀ ਭੂਮਿਕਾ ਨਾਲ ਹੀ ਪੰਜਾਬ ਨੂੰ ਨਸ਼ਾ-ਮੁਕਤ ਬਣਾਇਆ ਜਾ ਸਕਦਾ ਹੈ।
