
ਨਵੀਂ ਦਿੱਲੀ, 12 ਜੂਨ 2026: ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਤੁਰੰਤ ਨਵੀਂ ਦਿੱਲੀ ਤਲਬ ਕੀਤਾ ਗਿਆ ਹੈ। ਪਾਰਟੀ ਅੰਦਰ ਵਧ ਰਹੀਆਂ ਸਿਆਸੀ ਗਤੀਵਿਧੀਆਂ ਅਤੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਹ ਇੱਕ ਮਹੱਤਵਪੂਰਨ ਅਤੇ ਹੰਗਾਮੀ ਬੈਠਕ ਮੰਨੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਮੰਤਰੀ ਬੀ.ਐੱਲ. ਸੰਤੋਸ਼ ਅੱਜ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਸਾਬਕਾ ਸੂਬਾ ਪ੍ਰਧਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨਗੇ। ਇਸ ਮੀਟਿੰਗ ਨੂੰ ਸਿਰਫ਼ ਰੁਟੀਨ ਗੱਲਬਾਤ ਨਹੀਂ, ਸਗੋਂ ਸੂਬੇ ਦੀ ਭਵਿੱਖੀ ਰਾਜਨੀਤਿਕ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਸ ਹਾਈ-ਲੇਵਲ ਬੈਠਕ ਵਿੱਚ ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਅਤੇ ਹੋਰ ਪ੍ਰਮੁੱਖ ਨੇਤਾ ਸ਼ਾਮਲ ਹਨ।
ਪਾਰਟੀ ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਤਿੰਨ ਮੁੱਖ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਹੋਣ ਦੀ ਸੰਭਾਵਨਾ ਹੈ—ਪੰਜਾਬ ਇਕਾਈ ਵਿੱਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ, ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਦਾ ਅੰਕਲਨ ਅਤੇ ਖ਼ਾਸ ਕਰਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਤਿਆਰ ਕਰਨਾ।
ਜਾਣਕਾਰੀ ਇਹ ਵੀ ਮਿਲੀ ਹੈ ਕਿ ਕੇਂਦਰੀ ਲੀਡਰਸ਼ਿਪ ਪੰਜਾਬ ਇਕਾਈ ਨੂੰ ਹੋਰ ਮਜ਼ਬੂਤ ਕਰਨ ਲਈ ਸੰਗਠਨਾਤਮਕ ਤਬਦੀਲੀਆਂ ‘ਤੇ ਵੀ ਵਿਚਾਰ ਕਰ ਸਕਦੀ ਹੈ। ਨਵੀਂ ਟੀਮ ਦੀ ਬਣਤਰ ਅਤੇ ਜ਼ਿੰਮੇਵਾਰੀਆਂ ਦੀ ਵੰਡ ਬਾਰੇ ਵੀ ਅਹਿਮ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ।
ਇਸ ਮੀਟਿੰਗ ਦੀ ਖ਼ਾਸ ਗੱਲ ਇਹ ਵੀ ਹੈ ਕਿ ਹਾਲ ਹੀ ਵਿੱਚ ਸੂਬਾ ਪ੍ਰਧਾਨ ਬਣੇ ਕੇਵਲ ਸਿੰਘ ਢਿੱਲੋਂ ਲਈ ਇਹ ਪਹਿਲੀ ਵੱਡੀ ਸੰਗਠਨਾਤਮਕ ਬੈਠਕ ਹੋਵੇਗੀ, ਜਿਸ ਨੂੰ ਉਨ੍ਹਾਂ ਦੀ ਅਗਵਾਈ ਲਈ ਵੀ ਇਕ ਮਹੱਤਵਪੂਰਨ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬੈਠਕ ਪੰਜਾਬ ਭਾਜਪਾ ਦੀ ਆਉਣ ਵਾਲੀ ਚੋਣੀ ਰਣਨੀਤੀ ਅਤੇ ਅੰਦਰੂਨੀ ਸੰਗਠਨ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।
