Friday, June 12Punjabi People

ਪੰਜਾਬ ‘ਚ ਪ੍ਰੀ-ਮਾਨਸੂਨ ਦਾ ਕਹਿਰ, ਤੇਜ਼ ਝੱਖੜਾਂ ਕਾਰਨ 2 ਮੌਤਾਂ; ਮੌਸਮ ਵਿਭਾਗ ਦਾ ਓਰੇਂਜ ਅਲਰਟ

ਚੰਡੀਗੜ੍ਹ, 12 ਜੂਨ 2026: ਪੰਜਾਬ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਪ੍ਰੀ-ਮਾਨਸੂਨ ਨੇ ਜ਼ੋਰਦਾਰ ਦਸਤਕ ਦੇ ਕੇ ਲੋਕਾਂ ਨੂੰ ਤਪਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਸੂਬੇ ਲਈ ਓਰੇਂਜ ਅਲਰਟ ਜਾਰੀ ਕਰਦਿਆਂ ਤੇਜ਼ ਬਾਰਿਸ਼, ਗੜੇਮਾਰੀ, ਗਰਜ-ਚਮਕ ਅਤੇ ਤੂਫ਼ਾਨੀ ਹਵਾਵਾਂ ਦੀ ਚੇਤਾਵਨੀ ਦਿੱਤੀ ਹੈ। 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਦਕਿ ਮੌਸਮ ਮਾਹਿਰਾਂ ਅਨੁਸਾਰ 17 ਜੂਨ ਤੱਕ ਮੌਸਮ ਅਸਥਿਰ ਰਹਿ ਸਕਦਾ ਹੈ।ਬੀਤੀ ਰਾਤ ਆਏ ਤੇਜ਼ ਤੂਫ਼ਾਨ ਅਤੇ ਬਾਰਿਸ਼ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਪਹੁੰਚਾਇਆ।

ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿੱਚ ਤੂਫ਼ਾਨ ਦੌਰਾਨ ਰਸੋਈ ਦਾ ਸੀਮੈਂਟ ਸ਼ੈੱਡ ਉੱਡ ਕੇ ਇੱਕ ਲੜਕੀ ਉੱਪਰ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੁਨੀਤਾ ਰਾਣੀ ਵਜੋਂ ਹੋਈ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਪਿੰਡ ਪੰਜਗਰਾਈਆਂ ਨਿਜ਼ਰਾਂ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਇੱਕ ਪੁਰਾਣਾ ਦਰੱਖਤ ਜੜ੍ਹੋਂ ਉਖੜ ਕੇ ਸੜਕ ‘ਤੇ ਡਿੱਗ ਪਿਆ, ਜਿਸ ਦੀ ਲਪੇਟ ਵਿੱਚ ਇੱਕ ਈ-ਰਿਕਸ਼ਾ ਵੀ ਆ ਗਿਆ। ਖੁਸ਼ਕਿਸਮਤੀ ਨਾਲ ਚਾਲਕ ਅਤੇ ਸਵਾਰੀ ਦੋਵੇਂ ਸੁਰੱਖਿਅਤ ਰਹੇ। ਲੁਧਿਆਣਾ ਵਿੱਚ ਇੱਕ ਮਕਾਨ ਦਾ ਛੱਜਾ ਡਿੱਗਣ ਨਾਲ ਇੱਟਾਂ ਹੇਠਾਂ ਖੜ੍ਹੀ ਕਾਰ ਉੱਪਰ ਆ ਡਿੱਗੀਆਂ, ਜਿਸ ਕਾਰਨ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ।

ਵੀਰਵਾਰ ਨੂੰ ਹੋਈ ਪ੍ਰੀ-ਮਾਨਸੂਨ ਬਾਰਿਸ਼ ਅਤੇ ਝੱਖੜ ਕਾਰਨ ਪੰਜਾਬ ਦੇ ਔਸਤ ਤਾਪਮਾਨ ਵਿੱਚ 3.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ਦਾ ਤਾਪਮਾਨ ਆਮ ਨਾਲੋਂ 2.1 ਡਿਗਰੀ ਘੱਟ ਹੋ ਗਿਆ ਹੈ। ਬੀਤੇ ਦਿਨ ਅਬੋਹਰ ਵਿੱਚ ਸਭ ਤੋਂ ਵੱਧ 42 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਚੰਡੀਗੜ੍ਹ ਮੌਸਮ ਕੇਂਦਰ ਅਨੁਸਾਰ ਪੂਰੇ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੇ ਆਸਾਰ ਹਨ, ਪਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ ਅਤੇ ਮਾਨਸਾ ਵਿੱਚ ਭਾਰੀ ਗੜੇਮਾਰੀ ਦੀ ਖਾਸ ਸੰਭਾਵਨਾ ਜਤਾਈ ਗਈ ਹੈ। ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿ ਸਕਦੀ ਹੈ।

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਲਗਭਗ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਨੇਰੀ ਕਾਰਨ ਦੋ ਬਾਈਕ ਸਵਾਰ ਸੜਕ ‘ਤੇ ਡਿੱਗ ਗਏ। ਇੱਕ ਹੋਰ ਥਾਂ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਪਠਾਨਕੋਟ-ਅੰਮ੍ਰਿਤਸਰ ਹਾਈਵੇ ‘ਤੇ ਵੱਡਾ ਦਰੱਖਤ ਡਿੱਗਣ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਉੱਥੇ ਹੀ ਖੰਨਾ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਕਰੀਬ 150 ਸਾਲ ਪੁਰਾਣਾ ਇਤਿਹਾਸਕ ਦਰੱਖਤ ਟੁੱਟ ਕੇ ਘਰਾਂ ‘ਤੇ ਡਿੱਗ ਪਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ।

IMD ਦੇ ਅੰਕੜਿਆਂ ਮੁਤਾਬਕ ਰਾਤ 8 ਤੋਂ 9 ਵਜੇ ਦੇ ਦਰਮਿਆਨ ਕਈ ਜ਼ਿਲ੍ਹਿਆਂ ਵਿੱਚ ਭਿਆਨਕ ਤੂਫ਼ਾਨ ਚੱਲਿਆ। ਸਭ ਤੋਂ ਵੱਧ 111 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸੰਗਰੂਰ ਵਿੱਚ ਦਰਜ ਕੀਤੀ ਗਈ। ਫ਼ਰੀਦਕੋਟ ਵਿੱਚ 76 ਅਤੇ ਬਠਿੰਡਾ ਵਿੱਚ 57 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਸ ਕਾਰਨ ਵੱਡੀ ਗਿਣਤੀ ਵਿੱਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ।

ਤੂਫ਼ਾਨ ਦਾ ਸਭ ਤੋਂ ਵੱਡਾ ਅਸਰ ਬਿਜਲੀ ਸਪਲਾਈ ‘ਤੇ ਪਿਆ। ਤਾਰਾਂ ਟੁੱਟਣ ਅਤੇ ਖੰਭੇ ਡਿੱਗਣ ਕਾਰਨ ਪਾਵਰ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਬਿਜਲੀ ਦੀ ਮੰਗ ਵਿੱਚ 76 ਫ਼ੀਸਦੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ। 10 ਜੂਨ ਨੂੰ ਜਿੱਥੇ ਸੂਬੇ ਦੀ ਬਿਜਲੀ ਮੰਗ 15,500 ਮੈਗਾਵਾਟ ਸੀ, ਉੱਥੇ 11 ਜੂਨ ਦੀ ਸ਼ਾਮ ਇਹ ਘਟ ਕੇ 3,603 ਮੈਗਾਵਾਟ ਰਹਿ ਗਈ। ਇਹ ਕਮੀ ਗਰਮੀ ਘਟਣ ਨਾਲੋਂ ਵੱਧ ਬਿਜਲੀ ਸਪਲਾਈ ਪ੍ਰਣਾਲੀ ਦੇ ਪ੍ਰਭਾਵਿਤ ਹੋਣ ਕਾਰਨ ਆਈ।

ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਆ ਸਕਦੀ ਹੈ। ਇਸ ਤੋਂ ਬਾਅਦ ਤਾਪਮਾਨ ਮੁੜ 3 ਤੋਂ 5 ਡਿਗਰੀ ਤੱਕ ਵੱਧ ਸਕਦਾ ਹੈ। 17 ਜੂਨ ਤੱਕ ਮੌਸਮ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਹੈ।

ਮੌਸਮ ਅਲਰਟ

13 ਜੂਨ: ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਰਹੇਗਾ।

14 ਜੂਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਗਰਜ-ਚਮਕ, ਝੱਖੜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

15 ਜੂਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿੱਚ ਮੀਂਹ ਦੇ ਪੂਰੇ ਆਸਾਰ ਹਨ।

Leave a Reply

Your email address will not be published. Required fields are marked *