Saturday, September 12Punjabi People

ਬੀਬੀਐੱਮਬੀ ਦੀ ਰਿਪੋਰਟ: ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਅਤੇ ਪੋਂਗ ਡੈਮਾਂ ‘ਚ ਵੱਧ ਪਾਣੀ

ਚੰਡੀਗੜ੍ਹ, 11ਜੂਨ 2026: ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ਵੱਲੋਂ 11 ਜੂਨ 2026 ਸਵੇਰੇ 6 ਵਜੇ ਤੱਕ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਭਾਖੜਾ ਅਤੇ ਪੋਂਗ ਡੈਮਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵੱਧ ਪਾਣੀ ਸਟੋਰ ਹੈ। ਇਨ੍ਹਾਂ ਡੈਮਾਂ ਵਿੱਚ ਜਲ ਭੰਡਾਰ ਦੀ ਸਥਿਤੀ ਆਮ ਔਸਤ ਨਾਲੋਂ ਵੀ ਬਿਹਤਰ ਦਰਜ ਕੀਤੀ ਗਈ ਹੈ।ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦਾ ਜਲ ਪੱਧਰ 1576.65 ਫੁੱਟ ਦਰਜ ਕੀਤਾ ਗਿਆ ਹੈ, ਜਦਕਿ ਪਿਛਲੇ ਸਾਲ ਇਸੇ ਮਿਤੀ ਨੂੰ ਇਹ 1555.30 ਫੁੱਟ ਸੀ। ਇਸ ਵੇਲੇ ਡੈਮ ਦੀ ਕੁੱਲ ਸਟੋਰੇਜ ਸਮਰੱਥਾ ਦਾ 30 ਫ਼ੀਸਦੀ ਹਿੱਸਾ ਭਰਿਆ ਹੋਇਆ ਹੈ, ਜਦਕਿ ਇੱਕ ਸਾਲ ਪਹਿਲਾਂ ਇਹ ਅੰਕੜਾ 22 ਫ਼ੀਸਦੀ ਸੀ। ਡੈਮ ਵਿੱਚ 16,527 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 23,163 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਪੋਂਗ ਡੈਮ ਦਾ ਜਲ ਪੱਧਰ ਵੀ ਪਿਛਲੇ ਸਾਲ ਨਾਲੋਂ ਕਾਫ਼ੀ ਉੱਚਾ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਇਹ 1327.23 ਫੁੱਟ ਹੈ, ਜਦਕਿ ਪਿਛਲੇ ਸਾਲ ਇਹ 1291.44 ਫੁੱਟ ਸੀ। ਡੈਮ ਦੀ ਸਟੋਰੇਜ ਸਮਰੱਥਾ ਦਾ 34 ਫ਼ੀਸਦੀ ਹਿੱਸਾ ਭਰਿਆ ਹੋਇਆ ਹੈ, ਜਦਕਿ ਪਿਛਲੇ ਸਾਲ ਇਹ ਕੇਵਲ 11 ਫ਼ੀਸਦੀ ਸੀ। ਪੋਂਗ ਡੈਮ ਵਿੱਚ 2,129 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ 13,979 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਪੰਡੋਹ ਡੈਮ ਵਿੱਚ 6,869 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਹੈ। ਇੱਥੋਂ ਬਿਆਸ-ਸਤਲੁਜ ਲਿੰਕ (ਬੀਐਸਐਲ) ਰਾਹੀਂ 5,801 ਕਿਊਸਿਕ ਪਾਣੀ ਭੇਜਿਆ ਜਾ ਰਿਹਾ ਹੈ, ਜਦਕਿ 332 ਕਿਊਸਿਕ ਪਾਣੀ ਹੇਠਲੇ ਹਿੱਸੇ ਵੱਲ ਛੱਡਿਆ ਗਿਆ ਹੈ।

ਰਣਜੀਤ ਸਾਗਰ ਡੈਮ ਦਾ ਜਲ ਪੱਧਰ 510.23 ਮੀਟਰ ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ 506.87 ਮੀਟਰ ਨਾਲੋਂ ਵੱਧ ਹੈ। ਡੈਮ ਵਿੱਚ 4,854 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 11,070 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 4,950 ਕਿਊਸਿਕ ਪਾਣੀ ਦਾ ਡਾਈਵਰਸ਼ਨ ਵੀ ਕੀਤਾ ਜਾ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਮੱਦੇਨਜ਼ਰ ਬੀਬੀਐੱਮਬੀ ਵੱਲੋਂ ਸਾਰੇ ਪ੍ਰਮੁੱਖ ਡੈਮਾਂ ਦੇ ਜਲ ਪੱਧਰ ਅਤੇ ਪਾਣੀ ਦੇ ਵਹਾਅ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਲੋੜ ਪੈਣ ‘ਤੇ ਪਾਣੀ ਦਾ ਪ੍ਰਬੰਧ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ।

ਉੱਧਰ ਬੀਬੀਐੱਮਬੀ ਨੇ ਪੰਜਾਬ, ਹਰਿਆਣਾ ਸਮੇਤ ਆਪਣੇ ਭਾਈਵਾਲ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਬਿਜਾਈ ਦੇ ਮੌਜੂਦਾ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਭਾਖੜਾ ਭੰਡਾਰ ਤੋਂ ਸਿੰਚਾਈ ਲਈ ਪਾਣੀ ਦੀ ਨਿਕਾਸੀ ਵਧਾਈ ਜਾਵੇ। ਬੋਰਡ ਅਨੁਸਾਰ ਝੋਨੇ ਦੀ ਬਿਜਾਈ ਦਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਪਰ ਇਸ ਦੇ ਬਾਵਜੂਦ ਭਾਈਵਾਲ ਰਾਜਾਂ ਵੱਲੋਂ ਭਾਖੜਾ ਤੋਂ ਪਾਣੀ ਦੀ ਨਿਕਾਸੀ ਵਿੱਚ ਅਜੇ ਤੱਕ ਕੋਈ ਵੱਡਾ ਵਾਧਾ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *