Thursday, June 11Punjabi People

‘ਬਟਵਾਰਾ 1947’ ਦੀ ਪਹਿਲੀ ਝਲਕ ਜਾਰੀ, 14 ਅਗਸਤ 2026 ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਮੁੰਬਈ, 11 ਜੂਨ 2026: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਬਹੁਚਰਚਿਤ ਫਿਲਮ ‘ਲਾਹੌਰ 1947’ ਹੁਣ ਨਵੇਂ ਨਾਮ ‘ਬਟਵਾਰਾ 1947‘ ਨਾਲ ਦਰਸ਼ਕਾਂ ਦੇ ਸਾਹਮਣੇ ਆਵੇਗੀ। ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ‘ਤੇ ਵਿਰਾਮ ਲਗਾਉਂਦਿਆਂ ਸੰਨੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਅਤੇ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ।

ਫਿਲਮ ਦੇ ਫਰਸਟ ਲੁੱਕ ਨੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਵੰਡ ਦੇ ਦੌਰ ਦੀ ਪਿਛੋਕੜ ‘ਤੇ ਆਧਾਰਿਤ ਇਹ ਪੀਰੀਅਡ ਡਰਾਮਾ ਇਤਿਹਾਸ, ਜਜ਼ਬਾਤਾਂ ਅਤੇ ਮਨੁੱਖੀ ਰਿਸ਼ਤਿਆਂ ਦੀ ਇੱਕ ਮਜ਼ਬੂਤ ਕਹਾਣੀ ਪੇਸ਼ ਕਰੇਗੀ। ਨਿਰਮਾਤਾਵਾਂ ਮੁਤਾਬਕ ਫਿਲਮ 14 ਅਗਸਤ 2026 ਨੂੰ, ਆਜ਼ਾਦੀ ਦਿਵਸ ਦੇ ਮੌਕੇ ‘ਤੇ, ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

ਫਿਲਮ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ, ਜਦਕਿ ਇਸ ਦਾ ਨਿਰਮਾਣ ਆਮਿਰ ਖਾਨ ਵੱਲੋਂ ਆਪਣੇ ਬੈਨਰ ਹੇਠ ਕੀਤਾ ਗਿਆ ਹੈ। ਫਿਲਮ ਵਿੱਚ ਸੰਨੀ ਦਿਓਲ ਦੇ ਨਾਲ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਕਰਨ ਦਿਓਲ, ਅਲੀ ਫਜ਼ਲ ਅਤੇ ਅਭਿਮਨਿਊ ਸਿੰਘ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

‘ਬਟਵਾਰਾ 1947’ ਦੀ ਕਹਾਣੀ 1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਉਸ ਸਮੇਂ ਦੇ ਸਮਾਜਿਕ ਤੇ ਮਨੁੱਖੀ ਸੰਘਰਸ਼ਾਂ ਨੂੰ ਦਰਸਾਉਂਦੀ ਹੈ। ਇਹ ਫਿਲਮ ਪ੍ਰਸਿੱਧ ਲੇਖਕ ਅਸਗਰ ਵਜਾਹਤ ਦੇ ਮਸ਼ਹੂਰ ਨਾਟਕ ‘ਜਿਸ ਲਾਹੌਰ ਨਈ ਵੇਖਿਆ, ਓ ਜਮਿਆ ਆਈ ਨਈ’ ਤੋਂ ਪ੍ਰੇਰਿਤ ਹੈ, ਜਿਸ ਨੂੰ ਭਾਰਤੀ ਰੰਗਮੰਚ ਦੀਆਂ ਕਲਾਸਿਕ ਰਚਨਾਵਾਂ ਵਿੱਚ ਗਿਣਿਆ ਜਾਂਦਾ ਹੈ।

ਫਿਲਮ ਦਾ ਸੰਗੀਤ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਗੀਤਾਂ ਦੇ ਬੋਲ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਲਿਖੇ ਹਨ। ਮਜ਼ਬੂਤ ਕਹਾਣੀ, ਵੱਡੀ ਸਟਾਰ ਕਾਸਟ ਅਤੇ ਪ੍ਰਭਾਵਸ਼ਾਲੀ ਸੰਗੀਤ ਕਾਰਨ ਫਿਲਮ ਨੂੰ ਸਾਲ 2026 ਦੀਆਂ ਸਭ ਤੋਂ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।

ਹਾਲਾਂਕਿ, ਬਾਕਸ ਆਫਿਸ ‘ਤੇ ‘ਬਟਵਾਰਾ 1947’ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸੇ ਦਿਨ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਵੀ ਰਿਲੀਜ਼ ਹੋ ਰਹੀ ਹੈ। ਇਸ ਕਾਰਨ ਆਜ਼ਾਦੀ ਦਿਵਸ ਵਾਲੇ ਹਫ਼ਤੇ ਵਿੱਚ ਦਰਸ਼ਕਾਂ ਨੂੰ ਦੋ ਵੱਡੀਆਂ ਫਿਲਮਾਂ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ।

ਫਿਲਮ ਦੀ ਪਹਿਲੀ ਝਲਕ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਹੋਰ ਵਧ ਗਈ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ 14 ਅਗਸਤ 2026 ਦੀ ਰਿਲੀਜ਼ ‘ਤੇ ਟਿਕੀਆਂ ਹੋਈਆਂ ਹਨ।

Leave a Reply

Your email address will not be published. Required fields are marked *