
ਚੰਡੀਗੜ੍ਹ, 7 ਜੂਨ 2026: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਘਰੇਲੂ ਵਰਤੋਂ ਵਾਲੇ 14.2 ਕਿਲੋਗ੍ਰਾਮ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ ₹29 ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 7 ਜੂਨ ਦੀ ਰਾਤ 12 ਵਜੇ ਤੋਂ ਲਾਗੂ ਹੋ ਚੁੱਕੀਆਂ ਹਨ, ਜਿਸ ਕਾਰਨ ਰਸੋਈ ਦਾ ਬਜਟ ਹੋਰ ਪ੍ਰਭਾਵਿਤ ਹੋਵੇਗਾ।
ਨਵੀਆਂ ਕੀਮਤਾਂ ਅਨੁਸਾਰ ਲੁਧਿਆਣਾ ਵਿੱਚ ਘਰੇਲੂ ਗੈਸ ਸਿਲੰਡਰ ₹969, ਜਲੰਧਰ ਵਿੱਚ ₹971.50, ਅੰਮ੍ਰਿਤਸਰ ਵਿੱਚ ₹983 ਅਤੇ ਫਰੀਦਕੋਟ ਵਿੱਚ ₹979.50 ਵਿੱਚ ਮਿਲੇਗਾ। ਇਸੇ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਿਲੰਡਰ ਦੀ ਕੀਮਤ ₹922.50 ਤੋਂ ਵਧ ਕੇ ₹951.50 ਹੋ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਗੈਸ ਸਿਲੰਡਰ ਦੀ ਕੀਮਤ ਹੁਣ ₹1000 ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਗਈ ਹੈ।
ਇਹ ਪਿਛਲੇ ਤਿੰਨ ਮਹੀਨਿਆਂ ਦੌਰਾਨ ਐਲਪੀਜੀ ਦੀ ਕੀਮਤ ਵਿੱਚ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ 7 ਮਾਰਚ 2026 ਨੂੰ ਘਰੇਲੂ ਸਿਲੰਡਰ ₹60 ਮਹਿੰਗਾ ਕੀਤਾ ਗਿਆ ਸੀ। ਇਸ ਤਰ੍ਹਾਂ ਕੇਵਲ ਤਿੰਨ ਮਹੀਨਿਆਂ ਵਿੱਚ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੁੱਲ ₹89 ਦਾ ਵਾਧਾ ਦਰਜ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ, ਸਰਕਾਰੀ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧ ਰਹੀਆਂ ਊਰਜਾ ਲਾਗਤਾਂ ਅਤੇ ਘਰੇਲੂ ਵਿਕਰੀ ‘ਤੇ ਹੋ ਰਹੇ ਨੁਕਸਾਨ ਨੂੰ ਦੱਸਿਆ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਹਰ ਘਰੇਲੂ ਐਲਪੀਜੀ ਸਿਲੰਡਰ ‘ਤੇ ਉਨ੍ਹਾਂ ਨੂੰ ਲਗਭਗ ₹703 ਦਾ ਨੁਕਸਾਨ ਝੱਲਣਾ ਪੈ ਰਿਹਾ ਸੀ। ਨਵਾਂ ਵਾਧਾ ਇਸ ਘਾਟੇ ਦੀ ਕੁਝ ਹੱਦ ਤੱਕ ਭਰਪਾਈ ਕਰਨ ਲਈ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 8 ਅਪ੍ਰੈਲ 2025 ਨੂੰ ਵੀ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ₹50 ਦਾ ਵਾਧਾ ਕੀਤਾ ਸੀ। ਉੱਥੇ ਹੀ 1 ਮਾਰਚ 2026 ਨੂੰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ₹31 ਦਾ ਵਾਧਾ ਕੀਤਾ ਗਿਆ ਸੀ।
ਛੋਟੇ ਪਰਿਵਾਰਾਂ ਅਤੇ ਸੀਮਿਤ ਵਰਤੋਂ ਵਾਲੇ ਖਪਤਕਾਰਾਂ ਲਈ ਵਰਤੇ ਜਾਣ ਵਾਲੇ 5 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ ₹11 ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਕੀਮਤ ₹821.50 ਹੋ ਗਈ ਸੀ।
ਇਸ ਤੋਂ ਪਹਿਲਾਂ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਚੁੱਕਾ ਹੈ। ਮਈ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁੱਲ ਮਿਲਾ ਕੇ ₹7.50 ਪ੍ਰਤੀ ਲੀਟਰ ਦਾ ਵਾਧਾ ਹੋਇਆ, ਜਦਕਿ ਸੀਐਨਜੀ ਲਗਭਗ ₹6 ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਗਈ। ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪੈਟਰੋਲ ‘ਤੇ ਲਗਭਗ ₹11 ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ ₹33.6 ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਊਰਜਾ ਦੀਆਂ ਕੀਮਤਾਂ ਵਿੱਚ ਆਏ ਵਾਧੇ ਦਾ ਪੂਰਾ ਬੋਝ ਖਪਤਕਾਰਾਂ ‘ਤੇ ਨਹੀਂ ਪਾਇਆ ਗਿਆ। ਸਰਕਾਰੀ ਤੇਲ ਕੰਪਨੀਆਂ ਵਧੀਆਂ ਲਾਗਤਾਂ ਦਾ ਇੱਕ ਹਿੱਸਾ ਖੁਦ ਵੀ ਝੱਲ ਰਹੀਆਂ ਹਨ। ਹਾਲਾਂਕਿ, ਲਗਾਤਾਰ ਵਧ ਰਹੀਆਂ ਈਂਧਨ ਅਤੇ ਗੈਸ ਦੀਆਂ ਕੀਮਤਾਂ ਕਾਰਨ ਆਮ ਲੋਕਾਂ ਦੇ ਘਰੇਲੂ ਖਰਚੇ ਅਤੇ ਮਹੀਨਾਵਾਰ ਬਜਟ ‘ਤੇ ਦਬਾਅ ਵਧਦਾ ਜਾ ਰਿਹਾ ਹੈ।
