
ਚੰਡੀਗੜ੍ਹ /ਗਿੱਦੜਬਾਹਾ, 4 ਜੂਨ 2026: ਗਿੱਦੜਬਾਹਾਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਵਾਲੇ ਦਿਨ ਹੋਈ ਝੜਪ ਦਾ ਮਾਮਲਾ ਹੁਣ ਸਿਆਸੀ ਤੌਰ ’ਤੇ ਭਖ ਗਿਆ ਹੈ। ਇਸ ਸਬੰਧੀ ਥਾਣਾ ਗਿੱਦੜਬਾਹਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਆਗੂਆਂ, ਜਿਨ੍ਹਾਂ ਵਿੱਚ ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓਐੱਸਡੀ ਵੀ ਸ਼ਾਮਲ ਹਨ, ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 20 ਤੋਂ 25 ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ।
ਇਹ ਕਾਰਵਾਈ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪੀਐੱਸਓ ਏਐੱਸਆਈ ਹਰਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਸ਼ਿਕਾਇਤ ਮੁਤਾਬਕ 26 ਮਈ ਨੂੰ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦੌਰਾਨ ਵਿਧਾਇਕ ਡਿੰਪੀ ਢਿੱਲੋਂ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਅਤੇ ਡੇਰਾ ਬਾਬਾ ਗੰਗਾ ਰਾਮ ਵਿਖੇ ਮੱਥਾ ਟੇਕਣ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਕਾਫ਼ਲਾ ਭੱਠੀ ਵਾਲਾ ਮੋੜ ਨੇੜੇ ਡੀਏਵੀ ਸਕੂਲ ਕੋਲ ਪਹੁੰਚਿਆ ਤਾਂ ਕੁਝ ਪਾਰਟੀ ਵਰਕਰ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ।
ਦੋਸ਼ ਹੈ ਕਿ ਇਸ ਦੌਰਾਨ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਕੁਝ ਲੋਕਾਂ ਨੇ ਉਥੇ ਮੌਜੂਦ ਵਰਕਰਾਂ ਨਾਲ ਬਹਿਸਬਾਜ਼ੀ ਅਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਦਖ਼ਲ ਦਿੱਤਾ ਤਾਂ ਗੁਰਵਿੰਦਰ ਸਿੰਘ ਵਨਵਾਲਾ, ਚਰਨਜੀਤ ਸਿੰਘ ਭੂੰਦੜ, ਅਨਮੋਲ ਬਰਾੜ ਸੰਗੂਧੌਣ, ਸੁਖਜੀਤ ਸਿੰਘ (ਸਾਬਕਾ ਸਰਪੰਚ) ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਵਰਦੀ ਫਾੜ ਦਿੱਤੀ, ਜੇਬ ਖਿੱਚੀ ਅਤੇ ਨੇਮ ਪਲੇਟ ਵੀ ਤੋੜ ਦਿੱਤੀ। ਘਟਨਾ ਤੋਂ ਬਾਅਦ ਵਿਧਾਇਕ ਆਪਣੀ ਸੁਰੱਖਿਆ ਟੀਮ ਸਮੇਤ ਉਥੋਂ ਚਲੇ ਗਏ, ਜਦਕਿ ਬਾਅਦ ਵਿੱਚ ਥਾਣਾ ਗਿੱਦੜਬਾਹਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਵਨਵਾਲਾ, ਚਰਨਜੀਤ ਸਿੰਘ ਭੂੰਦੜ, ਅਨਮੋਲ ਬਰਾੜ ਸੰਗੂਧੌਣ, ਸੁਖਜੀਤ ਸਿੰਘ ਅਤੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 132, 190 ਅਤੇ 221 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਫਆਈਆਰ ਅਨੁਸਾਰ ਦੋਸ਼ੀਆਂ ’ਤੇ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪੈਦਾ ਕਰਨ ਦੇ ਦੋਸ਼ ਲਗਾਏ ਗਏ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਇਸ ਕਾਰਵਾਈ ਨੂੰ ਸਿਆਸੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਿੰਗ ਵਾਲੇ ਦਿਨ ਅਕਾਲੀ ਦਲ ਦੇ ਵਰਕਰਾਂ ਨਾਲ ਕੁੱਟਮਾਰ ਹੋਈ ਸੀ ਅਤੇ ਇਸ ਸਬੰਧੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ ਸੀ, ਪਰ ਸਰਕਾਰ ਦੇ ਦਬਾਅ ਹੇਠ ਉਲਟਾ ਅਕਾਲੀ ਆਗੂਆਂ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ ਗਿਆ।
