Saturday, June 6Punjabi People

ਅੱਤਵਾਦੀ ਸਾਜ਼ਿਸ਼ ਕੇਸ: ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ 10-10 ਸਾਲ ਦੀ ਸਜ਼ਾ, ਜਲੰਧਰ ਕਾਲਜ ਦੇ ਹੋਸਟਲ ਤੋਂ ਹੋਏ ਸਨ ਗ੍ਰਿਫ਼ਤਾਰ

ਮੋਹਾਲੀ/ਜਲੰਧਰ, 4 ਜੂਨ 2026: ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਮਾਮਲੇ ਵਿੱਚ ਮੋਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ (ਏਜੀਐਚ) ਨਾਲ ਸਬੰਧਿਤ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰੇਕ ਦੋਸ਼ੀ ‘ਤੇ 1.10 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ।

ਦੋਸ਼ੀ ਜ਼ਾਹਿਦ ਗੁਲਜ਼ਾਰ, ਯਾਸੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ ਸ਼ਾਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ ਗਈ। ਜਦਕਿ ਇਸ ਮਾਮਲੇ ਵਿੱਚ ਨਾਮਜ਼ਦ ਚੌਥੇ ਦੋਸ਼ੀ ਸੁਹੇਲ ਅਹਿਮਦ ਭੱਟ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਜ਼ਾਹਿਦ ਗੁਲਜ਼ਾਰ ਦਾ ਸਬੰਧ ਅੱਤਵਾਦੀ ਜ਼ਾਕਿਰ ਮੂਸਾ ਦੇ ਪਰਿਵਾਰ ਨਾਲ ਸੀ।

ਇਹ ਮਾਮਲਾ ਸਾਲ 2018 ਦਾ ਹੈ। ਉਸ ਸਮੇਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਇੱਕ ਨਿੱਜੀ ਕਾਲਜ ਵਿੱਚ ਪੜ੍ਹ ਰਹੇ ਕੁਝ ਕਸ਼ਮੀਰੀ ਵਿਦਿਆਰਥੀ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਇਸ ਸੂਚਨਾ ਦੇ ਆਧਾਰ ‘ਤੇ 10 ਅਕਤੂਬਰ 2018 ਨੂੰ ਹੋਸਟਲ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਏਕੇ-47 ਰਾਈਫਲ, ਇੱਕ ਮਾਊਜ਼ਰ ਪਿਸਤੌਲ, ਵੱਡੀ ਮਾਤਰਾ ਵਿੱਚ ਕਾਰਤੂਸ ਅਤੇ ਕਰੀਬ ਇੱਕ ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਮੁੱਢਲੀ ਜਾਂਚ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਸਬੰਧਾਂ ਦੇ ਸੰਕੇਤ ਮਿਲਣ ਤੋਂ ਬਾਅਦ ਇਹ ਮਾਮਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ।

ਐਨਆਈਏ ਨੇ ਮੋਬਾਈਲ ਫੋਰੈਂਸਿਕ ਡਾਟਾ, ਕਾਲ ਡਿਟੇਲ ਰਿਕਾਰਡ (ਸੀਡੀਆਰ), ਟੈਲੀਗ੍ਰਾਮ ਚੈਟਾਂ, ਈਮੇਲ ਰਿਕਾਰਡ ਅਤੇ ਹੋਰ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਵਿਸਤ੍ਰਿਤ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਆਪਸ ਵਿੱਚ ਅਤੇ ਸੰਗਠਨ ਨਾਲ ਸੰਬੰਧਿਤ ਗਤੀਵਿਧੀਆਂ ਲਈ ਮੁੱਖ ਤੌਰ ‘ਤੇ ਆਨਲਾਈਨ ਮਾਧਿਅਮਾਂ ਦੀ ਵਰਤੋਂ ਕਰ ਰਹੇ ਸਨ।

ਮੁਕੱਦਮੇ ਦੌਰਾਨ ਇਸਤਗਾਸਾ ਪੱਖ ਵੱਲੋਂ 62 ਗਵਾਹ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਜਾਂਚ ਅਧਿਕਾਰੀ, ਫੋਰੈਂਸਿਕ ਮਾਹਿਰ, ਕਾਲਜ ਪ੍ਰਬੰਧਕ ਅਤੇ ਹੋਰ ਸੰਬੰਧਿਤ ਵਿਅਕਤੀ ਸ਼ਾਮਲ ਸਨ। ਭਾਵੇਂ ਕੁਝ ਗਵਾਹ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਮੁਕਰ ਗਏ, ਪਰ ਅਦਾਲਤ ਨੇ ਵਿਗਿਆਨਕ, ਤਕਨੀਕੀ ਅਤੇ ਭੌਤਿਕ ਸਬੂਤਾਂ ਨੂੰ ਦੋਸ਼ ਸਾਬਤ ਕਰਨ ਲਈ ਕਾਫ਼ੀ ਮੰਨਿਆ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਤਿੰਨੋਂ ਦੋਸ਼ੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਸਰਗਰਮ ਮੈਂਬਰ ਸਨ ਅਤੇ ਹਥਿਆਰਾਂ ਤੇ ਵਿਸਫੋਟਕਾਂ ਦੀ ਮਦਦ ਨਾਲ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਅਦਾਲਤ ਨੇ ਬਰਾਮਦ ਹਥਿਆਰਾਂ, ਡਿਜੀਟਲ ਰਿਕਾਰਡਾਂ ਅਤੇ ਹੋਰ ਤਕਨੀਕੀ ਸਬੂਤਾਂ ਨੂੰ ਫੈਸਲੇ ਦਾ ਅਹਿਮ ਆਧਾਰ ਮੰਨਿਆ।

ਜਾਂਚ ਵਿੱਚ ਯਾਸੀਰ ਰਫੀਕ ਭੱਟ ਦੀ ਭੂਮਿਕਾ ਵੀ ਖਾਸ ਤੌਰ ‘ਤੇ ਸਾਹਮਣੇ ਆਈ। ਐਨਆਈਏ ਅਨੁਸਾਰ ਉਸ ਦਾ ਸਬੰਧ ਅੱਤਵਾਦੀ ਜ਼ਾਕਿਰ ਮੂਸਾ ਨਾਲ ਸੀ, ਜੋ ਅੰਸਾਰ ਗਜ਼ਵਤ-ਉਲ-ਹਿੰਦ ਦਾ ਸਾਬਕਾ ਮੁਖੀ ਰਹਿ ਚੁੱਕਾ ਸੀ। ਉਸ ਦੇ ਮੋਬਾਈਲ ਫੋਨ ਵਿੱਚੋਂ ਸੰਗਠਨ ਨਾਲ ਸੰਬੰਧਿਤ ਸਮੱਗਰੀ, ਹਥਿਆਰਾਂ ਦੀਆਂ ਤਸਵੀਰਾਂ ਅਤੇ ਹੋਰ ਡਿਜੀਟਲ ਸਬੂਤ ਮਿਲੇ ਸਨ। ਇਸ ਤੋਂ ਇਲਾਵਾ ਉਸ ਦੇ ਕਮਰੇ ਵਿੱਚੋਂ ਇੱਕ ਲੋਡਿਡ ਏਕੇ-47 ਰਾਈਫਲ ਅਤੇ ਗੋਲਾ-ਬਾਰੂਦ ਬਰਾਮਦ ਹੋਣ ਦਾ ਵੀ ਦਾਅਵਾ ਕੀਤਾ ਗਿਆ ਸੀ।

ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਮੋਬਾਈਲ ਫੋਰੈਂਸਿਕ ਡਾਟਾ, ਕਾਲ ਰਿਕਾਰਡ, ਟੈਲੀਗ੍ਰਾਮ ਚੈਟਾਂ ਅਤੇ ਈਮੇਲਾਂ ਨੇ ਪੂਰੇ ਮਾਮਲੇ ਦੀਆਂ ਕੜੀਆਂ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਅਦਾਲਤ ਨੇ ਵੀ ਇਨ੍ਹਾਂ ਤਕਨੀਕੀ ਸਬੂਤਾਂ ਨੂੰ ਦੋਸ਼ ਸਾਬਤ ਕਰਨ ਲਈ ਨਿਰਣਾਇਕ ਮੰਨਦਿਆਂ ਤਿੰਨਾਂ ਨੂੰ ਸਜ਼ਾ ਸੁਣਾਈ।

Leave a Reply

Your email address will not be published. Required fields are marked *