Saturday, June 6Punjabi People

ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲਿਆਂ ਸਬੰਧੀ ਪੰਜਾਬ ਸਰਕਾਰ ਦਾ ਅਹਿਮ ਫੈਸਲਾ

ਚੰਡੀਗੜ੍ਹ, 1 ਜੂਨ 2026: ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਆਮ ਤਬਾਦਲਿਆਂ (ਜਨਰਲ ਟ੍ਰਾਂਸਫਰਾਂ) ਦੀ ਪ੍ਰਕਿਰਿਆ ਵਿੱਚ ਰਾਹਤ ਦਿੱਤੀ ਹੈ। ਸਰਕਾਰ ਵੱਲੋਂ ਤਬਾਦਲਿਆਂ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਨੂੰ ਵਧਾ ਦਿੱਤਾ ਗਿਆ ਹੈ, ਜਿਸ ਨਾਲ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਪਸੰਦ ਅਤੇ ਲੋੜ ਅਨੁਸਾਰ ਤਬਾਦਲੇ ਲਈ ਅਰਜ਼ੀ ਦੇਣ ਦਾ ਵਾਧੂ ਸਮਾਂ ਮਿਲੇਗਾ।

ਸਰਕਾਰੀ ਹੁਕਮਾਂ ਅਨੁਸਾਰ ਹੁਣ ਚਾਹਵਾਨ ਅਧਿਕਾਰੀ ਅਤੇ ਕਰਮਚਾਰੀ 14 ਜੂਨ 2026 ਤੱਕ ਆਪਣੇ ਤਬਾਦਲੇ ਲਈ ਅਰਜ਼ੀਆਂ ਦੇ ਸਕਣਗੇ। ਪਹਿਲਾਂ ਇਹ ਮਿਆਦ 30 ਮਈ 2026 ਤੱਕ ਨਿਰਧਾਰਿਤ ਕੀਤੀ ਗਈ ਸੀ, ਪਰ ਵੱਖ-ਵੱਖ ਵਿਭਾਗਾਂ ਤੋਂ ਮਿਲੀਆਂ ਬੇਨਤੀਆਂ ਅਤੇ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਸ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ 14 ਜੂਨ ਤੋਂ ਬਾਅਦ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦਾ ਤਬਾਦਲਾ ਕਰਨਾ ਲਾਜ਼ਮੀ ਹੋ ਜਾਂਦਾ ਹੈ ਤਾਂ ਉਸ ਸਬੰਧੀ ਵੱਖਰੇ ਤੌਰ ‘ਤੇ ਫੈਸਲਾ ਲਿਆ ਜਾਵੇਗਾ। ਅਜਿਹੇ ਮਾਮਲਿਆਂ ਵਿੱਚ ਤਬਾਦਲੇ ਪ੍ਰਸੋਨਲ ਵਿਭਾਗ ਵੱਲੋਂ 23 ਅਪ੍ਰੈਲ 2018 ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੇ ਤਹਿਤ ਹੀ ਕੀਤੇ ਜਾਣਗੇ। ਇਸ ਫੈਸਲੇ ਨੂੰ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲਾਗੂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਸੋਨਲ ਵਿਭਾਗ ਨੇ 10 ਅਪ੍ਰੈਲ 2026 ਨੂੰ ਜਾਰੀ ਪੱਤਰ ਰਾਹੀਂ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਆਮ ਤਬਾਦਲਿਆਂ ਦੀ ਪ੍ਰਕਿਰਿਆ 15 ਅਪ੍ਰੈਲ ਤੋਂ 30 ਮਈ 2026 ਤੱਕ ਚਲਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਮਿਆਦ ਵਿੱਚ ਲਗਭਗ ਦੋ ਹਫ਼ਤਿਆਂ ਦਾ ਵਾਧਾ ਕਰਦਿਆਂ ਇਸ ਨੂੰ 14 ਜੂਨ 2026 ਤੱਕ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੁਕਮ ਸੂਬੇ ਦੇ ਸਾਰੇ ਵਿਭਾਗ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਸਬ-ਡਿਵੀਜ਼ਨਲ ਮੈਜਿਸਟ੍ਰੇਟਾਂ ਅਤੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਪ੍ਰਬੰਧ ਨਿਰਦੇਸ਼ਕਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਭੇਜੇ ਗਏ ਹਨ।

ਪੰਜਾਬ ਵਿੱਚ ਲਗਭਗ 3.5 ਲੱਖ ਸਰਕਾਰੀ ਕਰਮਚਾਰੀ ਸੇਵਾਵਾਂ ਨਿਭਾ ਰਹੇ ਹਨ ਅਤੇ ਤਬਾਦਲਾ ਨੀਤੀ ਦਾ ਸਿੱਧਾ ਪ੍ਰਭਾਵ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ‘ਤੇ ਪੈਂਦਾ ਹੈ। ਮੌਜੂਦਾ ਨੀਤੀ ਅਨੁਸਾਰ ਗਰੁੱਪ-ਏ ਅਤੇ ਗਰੁੱਪ-ਬੀ ਅਧਿਕਾਰੀਆਂ ਨੂੰ ਇੱਕ ਹੀ ਥਾਂ ‘ਤੇ ਨਿਰਧਾਰਿਤ ਸਮਾਂ ਪੂਰਾ ਹੋਣ ‘ਤੇ ਤਬਦੀਲ ਕੀਤਾ ਜਾਂਦਾ ਹੈ, ਜਦਕਿ ਗਰੁੱਪ-ਸੀ ਕਰਮਚਾਰੀਆਂ ਲਈ ਵੀ 5 ਤੋਂ 10 ਸਾਲਾਂ ਦੇ ਕਾਰਜਕਾਲ ਦੌਰਾਨ ਤਬਾਦਲੇ ਦੇ ਪ੍ਰਬੰਧ ਹਨ।

ਸਰਕਾਰ ਦੇ ਇਸ ਫੈਸਲੇ ਨੂੰ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਉਹ ਕਰਮਚਾਰੀ, ਜੋ ਕਿਸੇ ਕਾਰਨਵਸ਼ ਨਿਰਧਾਰਿਤ ਸਮੇਂ ਦੌਰਾਨ ਅਰਜ਼ੀ ਨਹੀਂ ਦੇ ਸਕੇ, ਹੁਣ ਵਧੇ ਹੋਏ ਸਮੇਂ ਦਾ ਲਾਭ ਲੈ ਸਕਣਗੇ।

Leave a Reply

Your email address will not be published. Required fields are marked *