Saturday, June 6Punjabi People

RCB vs GT Final: ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਗੁਜਰਾਤ ਟਾਈਟਨਜ਼ ਅੱਜ ਖ਼ਿਤਾਬ ਲਈ ਹੋਣਗੇ ਆਹਮੋ-ਸਾਹਮਣੇ

ਅਹਿਮਦਾਬਾਦ, 31 ਮਈ 2026: ਆਈਪੀਐਲ 2026 ਦਾ ਬਹੁ-ਉਡੀਕਿਆ ਫਾਈਨਲ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿੱਥੇ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਅਤੇ ਗੁਜਰਾਤ ਟਾਈਟਨਜ਼ (GT) ਖ਼ਿਤਾਬ ਲਈ ਆਹਮੋ-ਸਾਹਮਣੇ ਹੋਣਗੀਆਂ। ਮੁਕਾਬਲਾ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਦੋਵੇਂ ਟੀਮਾਂ ਕੋਲ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੂਜੀ ਵਾਰ ਆਈਪੀਐਲ ਟਰਾਫੀ ਜਿੱਤਣ ਦਾ ਸੁਨਹਿਰੀ ਮੌਕਾ ਹੈ। ਬੰਗਲੁਰੂ ਨੇ 2025 ਵਿੱਚ ਆਪਣਾ ਪਹਿਲਾ ਆਈਪੀਐਲ ਖ਼ਿਤਾਬ ਜਿੱਤਿਆ ਸੀ, ਜਦਕਿ ਗੁਜਰਾਤ ਟਾਈਟਨਜ਼ ਨੇ 2022 ਵਿੱਚ ਆਪਣੇ ਡੈਬਿਊ ਸੀਜ਼ਨ ਦੌਰਾਨ ਹੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।

ਦੋਵਾਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ 26 ਮਈ ਨੂੰ ਧਰਮਸ਼ਾਲਾ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ RCB ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਨੂੰ 92 ਦੌੜਾਂ ਨਾਲ ਹਰਾਇਆ ਸੀ। ਲੀਗ ਪੜਾਅ ਦੌਰਾਨ ਦੋਵੇਂ ਟੀਮਾਂ ਦੋ ਵਾਰ ਇੱਕ-ਦੂਜੇ ਦੇ ਸਾਹਮਣੇ ਆ ਚੁੱਕੀਆਂ ਹਨ।

ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਅੱਠ ਆਈਪੀਐਲ ਫਾਈਨਲਾਂ ਵਿੱਚ ਕੁਆਲੀਫਾਇਰ-1 ਜਿੱਤਣ ਵਾਲੀ ਟੀਮ ਹੀ ਚੈਂਪੀਅਨ ਬਣੀ ਹੈ। ਸਾਲ 2016 ਤੋਂ ਬਾਅਦ ਹਰ ਫਾਈਨਲ ਕੁਆਲੀਫਾਇਰ-1 ਵਿੱਚ ਖੇਡਣ ਵਾਲੀਆਂ ਟੀਮਾਂ ਵਿਚਾਲੇ ਹੀ ਖੇਡਿਆ ਗਿਆ ਹੈ। ਆਪਸੀ ਮੁਕਾਬਲਿਆਂ ਵਿੱਚ RCB ਦਾ ਪੱਲਾ ਥੋੜ੍ਹਾ ਭਾਰੀ ਰਿਹਾ ਹੈ। ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ 9 ਮੈਚਾਂ ਵਿੱਚੋਂ ਬੰਗਲੁਰੂ ਨੇ 5 ਅਤੇ ਗੁਜਰਾਤ ਨੇ 4 ਜਿੱਤਾਂ ਦਰਜ ਕੀਤੀਆਂ ਹਨ।

RCB ਦੇ ਅਹਿਮ ਖਿਡਾਰੀ

ਵਿਰਾਟ ਕੋਹਲੀ:
ਕੋਹਲੀ ਨੇ ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਦਿਖਾਈ ਹੈ। 15 ਮੈਚਾਂ ਵਿੱਚ ਉਹ 600 ਦੌੜਾਂ ਬਣਾ ਚੁੱਕੇ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਸ਼ਾਮਲ ਹਨ। ਗੁਜਰਾਤ ਵਿਰੁੱਧ ਪਿਛਲੇ ਮੈਚ ਵਿੱਚ ਉਨ੍ਹਾਂ ਨੇ 43 ਦੌੜਾਂ ਬਣਾਈਆਂ ਸਨ।

ਰਜਤ ਪਾਟੀਦਾਰ:
RCB ਦੇ ਕਪਤਾਨ ਰਜਤ ਪਾਟੀਦਾਰ ਨੇ ਕੁਆਲੀਫਾਇਰ-1 ਵਿੱਚ ਗੁਜਰਾਤ ਖ਼ਿਲਾਫ਼ ਨਾਬਾਦ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਇਸ ਸੀਜ਼ਨ ਵਿੱਚ ਉਹ 14 ਮੈਚਾਂ ਵਿੱਚ 486 ਦੌੜਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 196.76 ਰਿਹਾ ਹੈ।

ਭੁਵਨੇਸ਼ਵਰ ਕੁਮਾਰ:
ਭੁਵਨੇਸ਼ਵਰ ਕੁਮਾਰ ਪਰਪਲ ਕੈਪ ਦੀ ਦੌੜ ਵਿੱਚ ਦੂਜੇ ਸਥਾਨ ‘ਤੇ ਹਨ। ਉਨ੍ਹਾਂ ਨੇ 15 ਮੈਚਾਂ ਵਿੱਚ 26 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਪਿਛਲੇ ਮੁਕਾਬਲੇ ਵਿੱਚ ਗੁਜਰਾਤ ਦੇ ਦੋ ਬੱਲੇਬਾਜ਼ਾਂ ਨੂੰ ਪਵੇਲਿਅਨ ਭੇਜਿਆ ਸੀ।

ਗੁਜਰਾਤ ਟਾਈਟਨਜ਼ ਦੇ ਅਹਿਮ ਖਿਡਾਰੀ

ਸ਼ੁਭਮਨ ਗਿੱਲ:
ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਕੁਆਲੀਫਾਇਰ-2 ਵਿੱਚ ਰਾਜਸਥਾਨ ਖ਼ਿਲਾਫ਼ 104 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਸੀ। ਉਹ ਇਸ ਸੀਜ਼ਨ ਵਿੱਚ 722 ਦੌੜਾਂ ਨਾਲ ਟੀਮ ਦੇ ਸਭ ਤੋਂ ਵੱਡੇ ਰਨ ਸਕੋਰਰ ਹਨ ਅਤੇ ਛੇ ਅਰਧ ਸੈਂਕੜੇ ਵੀ ਲਗਾ ਚੁੱਕੇ ਹਨ।

ਸਾਈ ਸੁਦਰਸ਼ਨ:
ਸਾਈ ਸੁਦਰਸ਼ਨ ਨੇ ਇਸ ਸੀਜ਼ਨ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 16 ਮੈਚਾਂ ਵਿੱਚ 710 ਦੌੜਾਂ ਬਣਾਈਆਂ ਹਨ। ਕੁਆਲੀਫਾਇਰ-2 ਵਿੱਚ ਉਨ੍ਹਾਂ ਨੇ 58 ਦੌੜਾਂ ਬਣਾਈਆਂ ਅਤੇ ਗਿੱਲ ਨਾਲ 167 ਦੌੜਾਂ ਦੀ ਵੱਡੀ ਸਾਂਝੇਦਾਰੀ ਨਿਭਾਈ।

ਕਾਗੀਸੋ ਰਬਾਡਾ:
ਰਬਾਡਾ ਇਸ ਸੀਜ਼ਨ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਨਾਮ 28 ਵਿਕਟਾਂ ਦਰਜ ਹਨ। ਰਾਜਸਥਾਨ ਵਿਰੁੱਧ ਪਿਛਲੇ ਮੁਕਾਬਲੇ ਵਿੱਚ ਵੀ ਉਨ੍ਹਾਂ ਨੇ ਦੋ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ ਸਨ।

ਪਿੱਚ ਅਤੇ ਮੌਸਮ ਰਿਪੋਰਟ

ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਤੋਂ ਇੱਕ ਰੋਮਾਂਚਕ ਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਹੈ। ਮੌਜੂਦਾ ਸੀਜ਼ਨ ਦੌਰਾਨ ਇਸ ਮੈਦਾਨ ‘ਤੇ ਸਿਰਫ਼ ਤਿੰਨ ਵਾਰ ਹੀ 200 ਤੋਂ ਵੱਧ ਸਕੋਰ ਬਣਿਆ ਹੈ, ਜਿਸ ਕਾਰਨ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਣ ਦੀ ਸੰਭਾਵਨਾ ਹੈ। ਘਰੇਲੂ ਹਾਲਾਤਾਂ ਦਾ ਫਾਇਦਾ ਚੁੱਕਦਿਆਂ ਗੁਜਰਾਤ ਦੇ ਗੇਂਦਬਾਜ਼ RCB ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਮੈਦਾਨ ‘ਤੇ ਦੋਵਾਂ ਟੀਮਾਂ ਦਾ ਰਿਕਾਰਡ ਬਰਾਬਰੀ ਦਾ ਹੈ ਅਤੇ ਦੋਵੇਂ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ।

Leave a Reply

Your email address will not be published. Required fields are marked *