Saturday, June 6Punjabi People

ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਸਿੱਧਰਮਈਆ ਦਾ ਅਸਤੀਫ਼ਾ, ਰਾਜ ਸਭਾ ਸੀਟ ਲੈਣ ਤੋਂ ਕੀਤਾ ਇਨਕਾਰ

ਕਰਨਾਟਕ, 28 ਮਈ 2026: ਕਰਨਾਟਕ ਦੀ ਰਾਜਨੀਤੀ ਵਿੱਚ ਵੱਡਾ ਮੋੜ ਆ ਗਿਆ ਹੈ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸਿੱਧਰਮਈਆ ਨੇ ਸਪੱਸ਼ਟ ਕੀਤਾ ਕਿ ਉਹ ਰਾਸ਼ਟਰੀ ਰਾਜਨੀਤੀ ਵਿੱਚ ਜਾਣ ਦੇ ਇੱਛੁਕ ਨਹੀਂ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਪਾਰਟੀ ਵੱਲੋਂ ਦਿੱਤੀ ਗਈ ਰਾਜ ਸਭਾ ਸੀਟ ਦੀ ਪੇਸ਼ਕਸ਼ ਨਿਮਰਤਾ ਨਾਲ ਠੁਕਰਾ ਦਿੱਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧਰਮਈਆ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਅਤੇ ਕੁਝ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਦਾ ਧਿਆਨ ਹਮੇਸ਼ਾਂ ਕਰਨਾਟਕ ਦੀ ਰਾਜਨੀਤੀ ਅਤੇ ਲੋਕਾਂ ਦੀ ਸੇਵਾ ‘ਤੇ ਕੇਂਦਰਿਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਵਿਧਾਇਕ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੇ ਦੋ ਸਾਲ ਬਾਕੀ ਹਨ, ਇਸ ਲਈ ਉਹ ਰਾਜ ਦੀ ਰਾਜਨੀਤੀ ਵਿੱਚ ਸਰਗਰਮ ਰਹਿਣਗੇ।

ਸਿੱਧਰਮਈਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਮੈਂ ਹਮੇਸ਼ਾਂ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਲੜਿਆ ਹਾਂ ਅਤੇ ਅੱਗੇ ਵੀ ਸੰਵਿਧਾਨ ਦੇ ਵਿਰੁੱਧ ਕੰਮ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਾਂਗਾ।” ਉਨ੍ਹਾਂ ਦੇ ਇਸ ਬਿਆਨ ਨੂੰ ਰਾਜਨੀਤਿਕ ਤੌਰ ‘ਤੇ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਕਾਂਗਰਸ ਵਿਧਾਇਕ ਦਲ ਅਤੇ ਪਾਰਟੀ ਹਾਈਕਮਾਨ ਮਿਲ ਕੇ ਕਰਨਗੇ। ਸਿੱਧਰਮਈਆ ਨੇ ਕਿਹਾ ਕਿ ਪਾਰਟੀ ਦੇ ਅੰਦਰ ਲੋਕਤਾਂਤਰਿਕ ਤਰੀਕੇ ਨਾਲ ਨਵੀਂ ਲੀਡਰਸ਼ਿਪ ਦੀ ਚੋਣ ਕੀਤੀ ਜਾਵੇਗੀ।

ਆਪਣੇ ਰਾਜਨੀਤਿਕ ਜੀਵਨ ਬਾਰੇ ਗੱਲ ਕਰਦਿਆਂ ਸਿੱਧਰਮਈਆ ਨੇ ਕਿਹਾ, “ਮੈਂ ਕਦੇ ਵੀ ਪੈਸੇ ਜਾਂ ਦੌਲਤ ਦੇ ਪਿੱਛੇ ਨਹੀਂ ਭੱਜਿਆ। ਮੇਰਾ ਸਾਰਾ ਰਾਜਨੀਤਿਕ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਹੈ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ ਖ਼ਿਲਾਫ਼ ਕਈ ਝੂਠੇ ਦੋਸ਼ ਅਤੇ ਕਹਾਣੀਆਂ ਫੈਲਾਈਆਂ ਗਈਆਂ, ਪਰ ਉਹ ਹਮੇਸ਼ਾਂ ਸੱਚਾਈ ਅਤੇ ਲੋਕਾਂ ਦੇ ਭਰੋਸੇ ਨਾਲ ਖੜ੍ਹੇ ਰਹੇ।

ਇਸ ਦੌਰਾਨ ਸਿੱਧਰਮਈਆ ਨੇ ਡੀ.ਕੇ. ਸ਼ਿਵਕੁਮਾਰ, ਰਾਜ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਅਤੇ ਹੋਰ ਕਾਂਗਰਸੀ ਵਿਧਾਇਕਾਂ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਤੋਂ ਬਾਅਦ ਕਾਂਗਰਸ ਆਗੂਆਂ ਨੇ ਇਕੱਠੇ ਹੋ ਕੇ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ, ਜਿਸਨੂੰ ਪਾਰਟੀ ਵਿੱਚ ਇਕਜੁੱਟਤਾ ਦੇ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।

ਸਿੱਧਰਮਈਆ ਦੇ ਅਸਤੀਫ਼ੇ ਤੋਂ ਬਾਅਦ ਹੁਣ ਕਰਨਾਟਕ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ ਅਤੇ ਸੂਬੇ ਦੀ ਸਿਆਸਤ ਵਿੱਚ ਅਗਲੇ ਕੁਝ ਦਿਨ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ।

Leave a Reply

Your email address will not be published. Required fields are marked *