
ਚੰਡੀਗੜ੍ਹ, 26 ਮਈ 2026: ਚੰਡੀਗੜ੍ਹ ਪੁਲਿਸ ਦੇ ਆਰਥਿਕ ਅਪਰਾਧ (ਈਓ) ਵਿੰਗ ਨੇ ਵੱਡੀ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਹੇਠ ਨਿਰਪਾਲ ਸਿੰਘ ਬੜਿੰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਨਿਰਪਾਲ ਬੜਿੰਗ ‘ਤੇ ਬੈਂਕਾਂ ਅਤੇ ਆਮ ਲੋਕਾਂ ਨਾਲ ਜਾਲਸਾਜ਼ੀ ਕਰਕੇ ਵੱਡੇ ਪੱਧਰ ‘ਤੇ ਧੋਖਾਧੜੀ ਕਰਨ ਦੇ ਦੋਸ਼ ਹਨ।
ਈਓ ਵਿੰਗ ਦੇ ਅਧਿਕਾਰੀਆਂ ਅਨੁਸਾਰ ਨਿਰਪਾਲ ਬੜਿੰਗ ਨੂੰ 2.5 ਕਰੋੜ ਰੁਪਏ ਦੇ ਫਰਾਡ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਦੋਸ਼ ਹੈ ਕਿ ਉਸਨੇ ਪਟਿਆਲਾ ਸਥਿਤ ਆਪਣੀ ਕੋਠੀ ਅਤੇ ਰਾਜਪੁਰਾ ਵਿੱਚ ਮੌਜੂਦ ਇਕ ਬੂਥ ਦੀਆਂ ਰਜਿਸਟਰੀਆਂ ਦੀਆਂ ਰੰਗੀਨ ਫੋਟੋਕਾਪੀਆਂ ਤਿਆਰ ਕਰਵਾ ਕੇ ਇੰਡੀਅਨ ਓਵਰਸੀਜ਼ ਬੈਂਕ, ਸੈਕਟਰ-26 ਚੰਡੀਗੜ੍ਹ ਤੋਂ ਢਾਈ ਕਰੋੜ ਰੁਪਏ ਦਾ ਲੋਨ ਅਤੇ ਕ੍ਰੈਡਿਟ ਲਿਮਿਟ ਹਾਸਲ ਕੀਤੀ ਸੀ।
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਹੀ ਜਾਇਦਾਦੀ ਦਸਤਾਵੇਜ਼ਾਂ ਦੇ ਆਧਾਰ ‘ਤੇ ਨਿਰਪਾਲ ਬੜਿੰਗ ਪਹਿਲਾਂ ਹੀ ਐਚਡੀਬੀ ਫਾਇਨੈਂਸ਼ਲ ਸਰਵਿਸਿਜ਼ ਲਿਮਿਟੇਡ ਤੋਂ ਕਈ ਕਰੋੜ ਰੁਪਏ ਦਾ ਲੋਨ ਲੈ ਚੁੱਕਿਆ ਸੀ। ਬਾਅਦ ਵਿੱਚ ਜਾਲੀ ਦਸਤਾਵੇਜ਼ਾਂ ਦੀ ਮਦਦ ਨਾਲ ਦੁਬਾਰਾ ਲੋਨ ਲੈਣ ਦਾ ਦੋਸ਼ ਲਗਾਇਆ ਗਿਆ ਹੈ।
ਬੈਂਕ ਵੱਲੋਂ ਲੋਨ ਦੀ ਰਕਮ ਵਾਪਸ ਨਾ ਆਉਣ ‘ਤੇ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਕੋਲ ਕੀਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਨਿਰਪਾਲ ਬੜਿੰਗ, ਉਸਦੇ ਭਰਾ ਨਰਿੰਦਰ ਸਿੰਘ ਅਤੇ ਬੈਂਕ ਬਰਾਂਚ ਮੈਨੇਜਰ ਅਦਰੇਸ਼ ਕੁਮਾਰ ਖ਼ਿਲਾਫ ਧਾਰਾ 420, 467, 468, 471 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਰਪਾਲ ਬੜਿੰਗ ਲੰਮੇ ਸਮੇਂ ਤੋਂ ਪੁਲਿਸ ਤੋਂ ਬਚਦਾ ਫਿਰ ਰਿਹਾ ਸੀ, ਪਰ ਲਗਾਤਾਰ ਛਾਪੇਮਾਰੀ ਤੋਂ ਬਾਅਦ ਉਸਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਵੇਲੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਨਿਰਪਾਲ ਬੜਿੰਗ ਖ਼ਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਧੋਖਾਧੜੀ, ਜਾਲਸਾਜ਼ੀ, ਅਪਰਾਧਿਕ ਸਾਜ਼ਿਸ਼ ਅਤੇ ਚੈਕ ਬਾਊਂਸ ਸਮੇਤ ਕਰੀਬ ਇਕ ਦਰਜਨ ਮਾਮਲੇ ਦਰਜ ਹਨ। ਕਈ ਕੇਸਾਂ ਵਿੱਚ ਉਹ ਭਗੌੜਾ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਪੁਲਿਸ ਰਿਕਾਰਡ ਅਨੁਸਾਰ ਮੋਹਾਲੀ, ਰਾਜਪੁਰਾ, ਬਨੂੜ, ਪਟਿਆਲਾ ਅਤੇ ਹੋਰ ਥਾਵਾਂ ‘ਤੇ ਦਰਜ ਮਾਮਲਿਆਂ ਵਿੱਚ ਵੀ ਉਸਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਵੱਖ-ਵੱਖ ਅਦਾਲਤਾਂ ਵੱਲੋਂ ਨਿਰਪਾਲ ਬੜਿੰਗ ਅਤੇ ਕੁਝ ਮਾਮਲਿਆਂ ਵਿੱਚ ਉਸਦੀ ਪਤਨੀ ਨੂੰ ਵੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।
ਚੰਡੀਗੜ੍ਹ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
