
ਫਤਹਿਗੜ੍ਹ ਸਾਹਿਬ, 26 ਮਈ 2026 : ਸਰਹਿੰਦ ਵਿੱਚ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 8 ਦੇ ਇੱਕ ਪੋਲਿੰਗ ਬੂਥ ‘ਤੇ ਕਥਿਤ ਜਾਅਲੀ ਵੋਟਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਅਤੇ ਬੂਥ ਅੰਦਰ ਮੌਜੂਦ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਨੇ ਤੁਰੰਤ ਸਾਵਧਾਨੀ ਦਿਖਾਉਂਦੇ ਹੋਏ ਇੱਕ ਨੌਜਵਾਨ ਨੂੰ ਮੌਕੇ ‘ਤੇ ਕਾਬੂ ਕਰ ਲਿਆ। ਉਸ ਉੱਤੇ ਗੈਰ-ਕਾਨੂੰਨੀ ਢੰਗ ਨਾਲ ਵੋਟ ਪਾਉਣ ਦੇ ਦੋਸ਼ ਲਗੇ ਹਨ।
ਹੰਗਾਮੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਤਣਾਅ ਵਾਲਾ ਮਾਹੌਲ ਬਣ ਗਿਆ।
ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਫਤਹਿਗੜ੍ਹ ਸਾਹਿਬ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਅਤੇ ਸਰਹਿੰਦ ਵਾਰਡ ਨੰਬਰ 8 ਤੋਂ ਕਾਂਗਰਸ ਦੇ ਉਮੀਦਵਾਰ ਨਰਿੰਦਰ ਕੁਮਾਰ ਬਿੰਦਰ ਨੇ ਸਾਂਝੇ ਤੌਰ ‘ਤੇ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਹਾਰ ਦੇ ਡਰ ਕਾਰਨ ਆਮ ਆਦਮੀ ਪਾਰਟੀ ਚੋਣਾਂ ਜਿੱਤਣ ਲਈ ਗਲਤ ਅਤੇ ਗੈਰ-ਕਾਨੂੰਨੀ ਤਰੀਕੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 8 ਵਿੱਚ ਬਾਹਰੀ ਲੋਕਾਂ ਰਾਹੀਂ ਖੁੱਲ੍ਹੇਆਮ ਜਾਅਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ “ਲੋਕਤੰਤਰ ਦਾ ਕਤਲ” ਮੰਨਦੇ ਹਨ ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਉਹ ਵੀਡੀਓ ਸਬੂਤਾਂ ਸਮੇਤ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
ਉਧਰ, ਮੌਕੇ ‘ਤੇ ਪਹੁੰਚੇ ਡੀਐਸਪੀ ਕੁਲਵੀਰ ਸਿੰਘ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
