
ਚੰਡੀਗੜ੍ਹ/ਮੋਗਾ, 21 ਮਈ 2026: ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਮਾਲ ਅਫ਼ਸਰ (ਡੀ.ਆਰ.ਓ.) ਦੇ ਰੀਡਰ ਦਵਿੰਦਰ ਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ, ਜਿਸ ਵਿੱਚ ਕਥਿਤ ਤੌਰ ‘ਤੇ ਰਿਸ਼ਵਤ ਦੀ ਮੰਗ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਮਾਮਲਾ ਪਿੰਡ ਚੱਕ ਕਾਨੀਆਂ ਖੁਰਦ (ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ) ਦੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸਬੰਧੀ ਕੇਸ ਡੀ.ਆਰ.ਓ. ਮੋਗਾ ਦੀ ਅਦਾਲਤ ਵਿੱਚ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਰੀਡਰ ਵੱਲੋਂ ਕਥਿਤ ਤੌਰ ‘ਤੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ।
ਸ਼ਿਕਾਇਤ ਅਨੁਸਾਰ ਦੋਸ਼ੀ ਰੀਡਰ ਦਵਿੰਦਰ ਪਾਲ ਸਿੰਘ ਨੇ ਕੇਸ ਦਾ ਤੇਜ਼ੀ ਨਾਲ ਨਿਪਟਾਰਾ ਕਰਵਾਉਣ ਲਈ ਕੁੱਲ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਉਸਨੇ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਨੂੰ 50,000 ਰੁਪਏ ਅਗਾਊਂ ਦੇਣ ਅਤੇ ਬਾਕੀ 50,000 ਰੁਪਏ ਕੇਸ ਦੇ ਨਿਪਟਾਰੇ ਤੋਂ ਬਾਅਦ ਦੇਣ ਲਈ ਕਿਹਾ। ਇਸ ਸਾਰੀ ਗੱਲਬਾਤ ਨੂੰ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਵੀ ਕੀਤਾ ਗਿਆ, ਜਿਸ ਨੇ ਬਾਅਦ ਵਿੱਚ ਇਸ ਮਾਮਲੇ ਨੂੰ ਵਿਜੀਲੈਂਸ ਦੇ ਧਿਆਨ ਵਿੱਚ ਲਿਆਂਦਾ।
ਰਿਸ਼ਵਤ ਦੇਣ ਤੋਂ ਇਨਕਾਰ ਕਰਨ ‘ਤੇ ਸ਼ਿਕਾਇਤਕਰਤਾ ਨੇ ਪੰਜਾਬ ਵਿਜੀਲੈਂਸ ਬਿਊਰੋ ਦੀ ਮੋਗਾ ਯੂਨਿਟ ਨਾਲ ਸੰਪਰਕ ਕੀਤਾ। ਯੋਜਨਾ ਅਨੁਸਾਰ ਵਿਜੀਲੈਂਸ ਟੀਮ ਨੇ ਜਾਲ ਬਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੀਡਰ ਨੂੰ 20,000 ਰੁਪਏ ਰਿਸ਼ਵਤ ਲੈਂਦੇ ਸਮੇਂ ਕਾਬੂ ਕਰ ਲਿਆ।
ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਵਿਰੁੱਧ ਫਿਰੋਜ਼ਪੁਰ ਸਥਿਤ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਪੱਖਾਂ ਦੀ ਵੀ ਘੋਖ ਕੀਤੀ ਜਾ ਰਹੀ ਹੈ, ਤਾਂ ਜੋ ਪੂਰੇ ਘਟਨਾਕ੍ਰਮ ਦੀ ਸਚਾਈ ਸਾਹਮਣੇ ਆ ਸਕੇ।
