
ਜਲੰਧਰ, 17 ਮਈ 2026: ਪੰਜਾਬ ਪੁਲਿਸ ਨੇ ਦੇਸ਼ ਵਿਰੋਧੀ ਤੱਤਾਂ ਅਤੇ ਗੈਂਗਸਟਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਸਫਲਤਾ ਦਰਜ ਕੀਤੀ ਹੈ। ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 8 ਆਧੁਨਿਕ ਵਿਦੇਸ਼ੀ ਪਿਸਤੌਲਾਂ ਅਤੇ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਹਿਲਾਂ ਤੋਂ ਹੀ ਕਤਲ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਸਨ। ਉਨ੍ਹਾਂ ਦੇ ਸੰਬੰਧ ਸਰਹੱਦ ਪਾਰ ਬੈਠੇ ਵਿਦੇਸ਼ੀ ਹੈਂਡਲਰਾਂ ਨਾਲ ਵੀ ਜੁੜੇ ਹੋਏ ਹਨ।ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 1 ਖਤਰਨਾਕ PX-5 ਪਿਸਤੌਲ, 1 ਤੁਰਕੀ ਬਣੀ ਜ਼ਿਗਾਨਾ ਪਿਸਤੌਲ, 3 ਪਿਸਤੌਲਾਂ (.30 ਬੋਰ) ਅਤੇ 3 ਪਿਸਤੌਲਾਂ (.32 ਬੋਰ) ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਬੋਰ ਦੇ 45 ਜ਼ਿੰਦਾ ਕਾਰਤੂਸ ਵੀ ਜ਼ਬਤ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਦੀ ਖੁਫੀਆ ਵਿੰਗ ਨੂੰ ਇਸ ਅੰਤਰਰਾਸ਼ਟਰੀ ਗਿਰੋਹ ਦੀਆਂ ਗਤੀਵਿਧੀਆਂ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਾਲ ਵਿਛਾਇਆ ਅਤੇ ਚਾਰਾਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਹੈਂਡਲਰਾਂ ਨਾਲ ਜੁੜੇ ਹੋਏ ਹਨ, ਜੋ ਭਾਰਤ ਵਿੱਚ ਅਮਨ-ਕਾਨੂੰਨ ਭੰਗ ਕਰਨ ਲਈ ਹਥਿਆਰ ਅਤੇ ਫੰਡਿੰਗ ਮੁਹੱਈਆ ਕਰਵਾ ਰਹੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਮੁਲਜ਼ਮ ਲੰਬੇ ਸਮੇਂ ਤੋਂ ਕਤਲ ਦੇ ਦੋ ਮਾਮਲਿਆਂ ਵਿੱਚ ਫਰਾਰ ਸਨ ਅਤੇ ਪੁਲਿਸ ਨੂੰ ਲਗਾਤਾਰ ਚਕਮਾ ਦੇ ਰਹੇ ਸਨ।
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਅਤੇ ਸੰਪਰਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਤਾਂ ਜੋ ਪੂਰੇ ਅੰਤਰਰਾਸ਼ਟਰੀ ਗਿਰੋਹ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।
