Saturday, May 23Punjabi People

ਵਿਜੀਲੈਂਸ ਬਿਊਰੋ ਦਾ ਐਕਸ਼ਨ: 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਦੋ ਐਸਡੀਓ ਤੇ ਕਲਰਕ ਗ੍ਰਿਫ਼ਤਾਰ

ਲੁਧਿਆਣਾ,15 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੀਐਸਪੀਸੀਐਲ ਦਫ਼ਤਰ ਲੁਧਿਆਣਾ ਵਿੱਚ ਤਾਇਨਾਤ ਦੋ ਐਸ.ਡੀ.ਓਜ਼ ਅਤੇ ਇੱਕ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਵਜੋਂ ਹੋਈ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਪ੍ਰਿੰਸ ਨਿਝਾਵਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਸੋਲਰ ਸਿਸਟਮ ਲਗਾਉਣ ਦਾ ਕਾਰੋਬਾਰ ਕਰਦਾ ਹੈ ਅਤੇ ਉਸਨੇ ਦੋ ਵੱਖ-ਵੱਖ ਥਾਵਾਂ ’ਤੇ ਸੋਲਰ ਸਿਸਟਮ ਲਗਾਏ ਸਨ। ਇਨ੍ਹਾਂ ਸਿਸਟਮਾਂ ਦੀ ਜਾਂਚ ਤੋਂ ਬਾਅਦ ਪੀਐਸਪੀਸੀਐਲ ਵੱਲੋਂ ਮੀਟਰ ਲਗਾਏ ਜਾਣੇ ਸਨ।

ਸ਼ਿਕਾਇਤ ਮੁਤਾਬਕ, ਮੁਲਜ਼ਮਾਂ ਨੇ ਨਿਰੀਖਣ ਅਤੇ ਅਨੁਮਾਨ ਰਿਪੋਰਟ ਤਿਆਰ ਕਰਨ ਦੇ ਬਦਲੇ ਹਰ ਫਾਈਲ ਲਈ 10,000 ਰੁਪਏ ਦੀ ਮੰਗ ਕੀਤੀ। ਦੋ ਫਾਈਲਾਂ ਲਈ ਕੁੱਲ 20,000 ਰੁਪਏ ਰਿਸ਼ਵਤ ਮੰਗੀ ਗਈ ਸੀ।

ਰਿਸ਼ਵਤ ਨਾ ਦੇਣ ਦੀ ਇੱਛਾ ਰੱਖਦੇ ਹੋਏ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨਾਲ ਸੰਪਰਕ ਕੀਤਾ। ਸ਼ਿਕਾਇਤ ਦੀ ਮੁੱਢਲੀ ਜਾਂਚ ਮਗਰੋਂ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਕਤ ਮੁਲਜ਼ਮਾਂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਵਿਜੀਲੈਂਸ ਬਿਊਰੋ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿੱਚ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *