Saturday, May 23Punjabi People

ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਧੀਆਂ ਨੇ ਮਾਰੀ ਬਾਜ਼ੀ, ਟਾਪ-3 ‘ਤੇ ਕੀਤਾ ਕਬਜ਼ਾ

ਚੰਡੀਗੜ੍ਹ, 13 ਮਈ 2026: ਪੰਜਾਬ ਦੇ ਸਿੱਖਿਆ ਖੇਤਰ ਲਈ ਮਾਣ ਵਾਲੀ ਗੱਲ ਹੈ ਕਿ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਤਿੰਨ ਵਿਦਿਆਰਥਣਾਂ ਨੇ 500 ਵਿੱਚੋਂ ਪੂਰੇ 500 ਅੰਕ ਹਾਸਲ ਕਰਕੇ ਨਵਾਂ ਇਤਿਹਾਸ ਰਚਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਉੱਭਾ (ਮਾਨਸਾ) ਦੀ ਸੁਪਨੀਤ ਕੌਰ ਨੇ ਸਾਇੰਸ ਸਟ੍ਰੀਮ ਵਿੱਚ 500/500 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ ਦੀ ਸੁਹਾਨੀ ਚੌਹਾਨ ਨੇ ਹਿਊਮੈਨਿਟੀਜ਼ ਸਟ੍ਰੀਮ ਵਿੱਚ 500/500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ (ਲੁਧਿਆਣਾ) ਦੀ ਦਿਵਾਂਸ਼ੀ ਨੇ ਵੀ ਹਿਊਮੈਨਿਟੀਜ਼ ਸਟ੍ਰੀਮ ਵਿੱਚ 500/500 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਖਾਸ ਗੱਲ ਇਹ ਹੈ ਕਿ ਇਹ ਤਿੰਨੋਂ ਵਿਦਿਆਰਥਣਾਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਹਨ।ਇਸ ਸਾਲ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚ ਕੁੱਲ 2,65,417 ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ। ਇਸ ਤਰ੍ਹਾਂ ਕੁੱਲ ਪਾਸ ਪ੍ਰਤੀਸ਼ਤਤਾ 91.46 ਫ਼ੀਸਦੀ ਦਰਜ ਕੀਤੀ ਗਈ।

ਸਟ੍ਰੀਮ ਵਾਰ ਨਤੀਜਿਆਂ ਵਿੱਚ ਕਾਮਰਸ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿੱਥੇ 34,496 ਵਿੱਚੋਂ 34,074 ਵਿਦਿਆਰਥੀ ਪਾਸ ਹੋਏ ਅਤੇ ਪਾਸ ਦਰ 98.78 ਫ਼ੀਸਦੀ ਰਹੀ। ਸਾਇੰਸ ਸਟ੍ਰੀਮ ਵਿੱਚ 56,456 ਵਿੱਚੋਂ 55,593 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ, ਜਿਸ ਨਾਲ ਪਾਸ ਪ੍ਰਤੀਸ਼ਤਤਾ 98.47 ਫ਼ੀਸਦੀ ਰਹੀ। ਹਿਊਮੈਨਿਟੀਜ਼ ਵਿੱਚ 1,65,457 ਵਿੱਚੋਂ 1,45,179 ਵਿਦਿਆਰਥੀ ਪਾਸ ਹੋਏ ਅਤੇ ਪਾਸ ਦਰ 87.74 ਫ਼ੀਸਦੀ ਦਰਜ ਹੋਈ। ਵੋਕੇਸ਼ਨਲ ਸਟ੍ਰੀਮ ਵਿੱਚ 9,008 ਵਿੱਚੋਂ 7,909 ਵਿਦਿਆਰਥੀ ਪਾਸ ਹੋਏ, ਜਿਸ ਨਾਲ ਪਾਸ ਪ੍ਰਤੀਸ਼ਤਤਾ 87.80 ਫ਼ੀਸਦੀ ਰਹੀ।

ਸਿੱਖਿਆ ਮੰਤਰੀ ਸ. ਹਰਜੋਤ ਬੈਂਸ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਿੱਖਿਆ ਸੁਧਾਰਾਂ ਦੀ ਸਫਲਤਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਅੱਵਲ ਰਹੀਆਂ ਤਿੰਨੋਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੱਖ-ਵੱਖ ਸਟ੍ਰੀਮਾਂ ਵਿੱਚ ਪੂਰੇ ਅੰਕ ਪ੍ਰਾਪਤ ਕਰਨਾ ਵਾਕਈ ਸ਼ਲਾਘਾਯੋਗ ਹੈ। ਉਨ੍ਹਾਂ ਸਾਰੇ ਸਫਲ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਸਿੱਖਿਆ ਮੰਤਰੀ ਨੇ ਬਿਹਤਰ ਨਤੀਜਿਆਂ ਦਾ ਸਿਹਰਾ ਡਿਜੀਟਲ ਕਲਾਸਰੂਮਾਂ, ਅਧਿਆਪਕ ਸਿਖਲਾਈ ਅਤੇ ਸਮੇਂ ਸਿਰ ਸਿਲੇਬਸ ਪੂਰਾ ਕਰਨ ਨੂੰ ਤਰਜੀਹ ਦਿੱਤੀ।

Leave a Reply

Your email address will not be published. Required fields are marked *