Saturday, May 23Punjabi People

ਵਿਜੀਲੈਂਸ ਹੈੱਡਕੁਆਰਟਰ ਮਾਮਲੇ ‘ਚ CBI ਦੀ ਕਾਰਵਾਈ ਤੇਜ਼, ਰੀਡਰ, ਡਰਾਈਵਰ ਅਤੇ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ / ਮੋਹਾਲੀ, 12 ਮਈ 2026:  ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿੱਚ ਸੀ.ਬੀ.ਆਈ. ਦੀ ਛਾਪੇਮਾਰੀ ਅਤੇ ਕਾਰਵਾਈ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਪਹਿਲੀ ਵਾਰ ਅਧਿਕਾਰਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਕੇਂਦਰੀ ਜਾਂਚ ਏਜੰਸੀ ਨੂੰ ਜਾਂਚ ਦੌਰਾਨ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ, ਇਹ ਮਾਮਲਾ ਕਰੀਬ 25 ਲੱਖ ਰੁਪਏ ਦੀ ਕਥਿਤ ਰਿਸ਼ਵਤ ਡੀਲ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ Central Bureau of Investigation ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਪੰਜਾਬ ਵਿਜੀਲੈਂਸ ਦੇ ਇੱਕ ਅਧਿਕਾਰੀ ਦਾ ਰੀਡਰ ਓ.ਪੀ. ਰਾਣਾ, ਇੱਕ ਨਿੱਜੀ ਡਰਾਈਵਰ ਅਤੇ ਵਿਚੋਲੇ ਵਜੋਂ ਕੰਮ ਕਰ ਰਹੇ ਪਿਓ-ਪੁੱਤ ਸ਼ਾਮਲ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ, ਡਰਾਈਵਰ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਤੋਂ ਰਕਮ ਲੈਣ ਲਈ ਹੋਟਲ ਪਹੁੰਚਿਆ ਸੀ, ਜਦਕਿ ਪਿਓ-ਪੁੱਤ ਪੂਰੇ ਸੌਦੇ ਵਿੱਚ ਸੰਪਰਕ ਸੂਤਰ ਵਜੋਂ ਭੂਮਿਕਾ ਨਿਭਾ ਰਹੇ ਸਨ।

ਸੀ.ਬੀ.ਆਈ. ਨੇ ਕਾਰਵਾਈ ਦੌਰਾਨ 13 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਸੈਕਟਰ-35 ਸਥਿਤ ਇੱਕ ਹੋਟਲ ਵਿੱਚ ਕਥਿਤ ਤੌਰ ‘ਤੇ ਇਹ ਸੌਦੇਬਾਜ਼ੀ ਚੱਲ ਰਹੀ ਸੀ। ਮਾਮਲਾ ਇੱਕ ਪ੍ਰਾਪਰਟੀ ਵਿਵਾਦ ਨਾਲ ਜੁੜੀ ਸ਼ਿਕਾਇਤ ਦੇ ਨਿਪਟਾਰੇ ਦੇ ਨਾਂ ‘ਤੇ ਪੈਸੇ ਮੰਗਣ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ, ਸੀ.ਬੀ.ਆਈ. ਨੂੰ ਇਸ ਸੌਦੇਬਾਜ਼ੀ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ, ਜਿਸ ਤੋਂ ਬਾਅਦ ਏਜੰਸੀ ਨੇ ਪੂਰੀ ਯੋਜਨਾ ਨਾਲ ਜਾਲ ਵਿਛਾਇਆ। ਜਿਵੇਂ ਹੀ ਰਕਮ ਲੈਣ ਦੀ ਕੋਸ਼ਿਸ਼ ਕੀਤੀ ਗਈ, ਟੀਮ ਨੇ ਮੌਕੇ ‘ਤੇ ਦਬਿਸ਼ ਦੇ ਕੇ ਕਾਰਵਾਈ ਕਰ ਦਿੱਤੀ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਇਸ ਕਾਰਵਾਈ ਤੋਂ ਬਾਅਦ ਸੋਮਵਾਰ ਦੇਰ ਰਾਤ ਸੀ.ਬੀ.ਆਈ. ਦੀ ਟੀਮ ਨੇ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਹੈੱਡਕੁਆਰਟਰ ਵਿੱਚ ਵੀ ਛਾਪੇਮਾਰੀ ਕੀਤੀ। ਮੰਗਲਵਾਰ ਸਵੇਰੇ ਵੀ ਟੀਮ ਨੇ ਦਫ਼ਤਰ ਪਹੁੰਚ ਕੇ ਵੱਖ-ਵੱਖ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਦਫ਼ਤਰ ਦੇ ਮੁੱਖ ਗੇਟ ‘ਤੇ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ, ਜਿਸ ਕਾਰਨ ਕੁਝ ਸਮੇਂ ਲਈ ਆਮ ਕੰਮਕਾਜ ਪ੍ਰਭਾਵਿਤ ਰਿਹਾ।

ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਸ ਵੇਲੇ ਸੀ.ਬੀ.ਆਈ. ਨੇ ਇੱਕ ਨਿੱਜੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜਾਂਚ ਅਜੇ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਬਿਊਰੋ ਪੂਰੀ ਤਰ੍ਹਾਂ ਜਾਂਚ ਏਜੰਸੀ ਨਾਲ ਸਹਿਯੋਗ ਕਰੇਗਾ।

ਉੱਧਰ, ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ‘ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਧਿਰ ਦੇ ਆਗੂਆਂ ਦਾ ਦੋਸ਼ ਹੈ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਨ ਵਾਲੀ ਏਜੰਸੀ ਖ਼ੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

Leave a Reply

Your email address will not be published. Required fields are marked *