Saturday, May 23Punjabi People

ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਛੱਡਿਆ ਪਿੱਛੇ, ਹਰਲੀਨ 99.38% ਨਾਲ ਪੰਜਾਬ ਦੀ ਟਾਪਰ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 11 ਮਈ 2026: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਿੱਖਿਆ ਸੁਧਾਰਾਂ ਦਾ ਅਸਰ ਹੁਣ ਬੋਰਡ ਨਤੀਜਿਆਂ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੇ ਸ਼ਹਿਰੀ ਵਿਦਿਆਰਥੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪੇਂਡੂ ਇਲਾਕਿਆਂ ਦੀ ਪਾਸ ਦਰ 95.35 ਫੀਸਦੀ ਰਹੀ, ਜਦਕਿ ਸ਼ਹਿਰੀ ਖੇਤਰਾਂ ਦੀ ਪਾਸ ਦਰ 92.98 ਫੀਸਦੀ ਦਰਜ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਉਪਲਬਧੀ ਨੂੰ ਪੰਜਾਬ ਵਿੱਚ ਜ਼ਮੀਨੀ ਪੱਧਰ ‘ਤੇ ਹੋ ਰਹੀ ‘ਸਿੱਖਿਆ ਕ੍ਰਾਂਤੀ’ ਦਾ ਨਤੀਜਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਅਧਿਆਪਕਾਂ ਦੀ ਟ੍ਰੇਨਿੰਗ ਅਤੇ ਵਿਦਿਆਰਥੀਆਂ ਲਈ ਵਧੀਆ ਮੌਕੇ ਮੁਹੱਈਆ ਕਰਵਾਉਣ ਕਾਰਨ ਇਹ ਸਕਾਰਾਤਮਕ ਬਦਲਾਅ ਸੰਭਵ ਹੋਇਆ ਹੈ।

ਨਤੀਜਿਆਂ ਅਨੁਸਾਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫਰੀਦਕੋਟ) ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ (99.38%) ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਦੂਜੇ ਸਥਾਨ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੇ ਮਨੀਮਹੇਸ਼ ਸ਼ਰਮਾ ਰਹੇ, ਜਿਨ੍ਹਾਂ ਨੇ 650 ਵਿੱਚੋਂ 645 ਅੰਕ (99.23%) ਪ੍ਰਾਪਤ ਕੀਤੇ।

ਤੀਜਾ ਸਥਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ, ਹੁਸ਼ਿਆਰਪੁਰ ਦੀ ਰੀਆ ਰਾਨੀ ਨੇ 645 ਅੰਕ (99.23%) ਨਾਲ ਹਾਸਲ ਕੀਤਾ।ਸ. ਬੈਂਸ ਨੇ ਦੱਸਿਆ ਕਿ ਇਸ ਸਾਲ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਕੁੱਲ 2,69,505 ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 2,54,744 ਵਿਦਿਆਰਥੀ ਸਫਲ ਰਹੇ। ਇਸ ਤਰ੍ਹਾਂ ਕੁੱਲ ਪਾਸ ਪ੍ਰਤੀਸ਼ਤਤਾ 94.52 ਫੀਸਦੀ ਰਹੀ।

ਪੇਂਡੂ ਖੇਤਰਾਂ ਵਿੱਚ 1,74,958 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 1,66,830 ਪਾਸ ਹੋਏ ਅਤੇ ਪਾਸ ਦਰ 95.35 ਫੀਸਦੀ ਰਹੀ। ਦੂਜੇ ਪਾਸੇ, ਸ਼ਹਿਰੀ ਖੇਤਰਾਂ ਵਿੱਚ 94,547 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ, ਜਿਨ੍ਹਾਂ ਵਿੱਚੋਂ 87,914 ਸਫਲ ਰਹੇ ਅਤੇ ਪਾਸ ਦਰ 92.98 ਫੀਸਦੀ ਦਰਜ ਕੀਤੀ ਗਈ।ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀ ਪਾਸ ਦਰ ਵਿੱਚ 2.3 ਫੀਸਦੀ ਅੰਕਾਂ ਦਾ ਫਰਕ ਪਿਛਲੇ ਸਾਲਾਂ ਦੇ ਰੁਝਾਨਾਂ ਦੇ ਉਲਟ ਇੱਕ ਮਹੱਤਵਪੂਰਨ ਬਦਲਾਅ ਹੈ, ਕਿਉਂਕਿ ਪਹਿਲਾਂ ਆਮ ਤੌਰ ‘ਤੇ ਸ਼ਹਿਰੀ ਸਕੂਲ ਨਤੀਜਿਆਂ ਵਿੱਚ ਅੱਗੇ ਰਹਿੰਦੇ ਸਨ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿਦਿਆਰਥੀਆਂ ਦਾ ਰਿਪੋਰਟ ਕਾਰਡ ਨਹੀਂ, ਸਗੋਂ ਉਸ ਸਰਕਾਰ ਦੇ ਕੰਮਕਾਜ ਦਾ ਦਰਪਣ ਹੈ ਜੋ ਸਿੱਖਿਆ ਵਿੱਚ ਬਰਾਬਰੀ ਅਤੇ ਹਰ ਬੱਚੇ ਲਈ ਸਮਾਨ ਮੌਕਿਆਂ ਨੂੰ ਤਰਜੀਹ ਦਿੰਦੀ ਹੈ।

Leave a Reply

Your email address will not be published. Required fields are marked *