Saturday, May 23Punjabi People

ਤਾਮਿਲਨਾਡੂ ਦੀ ਰਾਜਨੀਤੀ ਵਿੱਚ ਨਵਾਂ ਅਧਿਆਇ, ਅਦਾਕਾਰ ਵਿਜੇ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ / ਤਾਮਿਲਨਾਡੂ,10 ਮਈ 2026:  ਤਾਮਿਲਨਾਡੂ ਦੀ ਰਾਜਨੀਤੀ ਵਿੱਚ ਅੱਜ ਇੱਕ ਇਤਿਹਾਸਕ ਮੋੜ ਆ ਗਿਆ, ਜਦੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਥਾਲਪਤੀ ਵਿਜੇ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੇਨਈ ਦੇ ਨਹਿਰੂ ਸਟੇਡੀਅਮ ਵਿੱਚ ਹੋਏ ਭਵਿਆ ਸਮਾਗਮ ਦੌਰਾਨ ਵਿਜੇ ਨੇ ਆਪਣੇ ਨੌਂ ਮੰਤਰੀਆਂ ਨਾਲ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਲਈ। ਇਸ ਨਾਲ ਹੀ ਤਾਮਿਲਨਾਡੂ ਵਿੱਚ “ਵਿਜੇ ਰਾਜ” ਦੀ ਸ਼ੁਰੂਆਤ ਹੋ ਗਈ ਹੈ।

ਖਾਸ ਗੱਲ ਇਹ ਰਹੀ ਕਿ 59 ਸਾਲਾਂ ਵਿੱਚ ਪਹਿਲੀ ਵਾਰ ਤਾਮਿਲਨਾਡੂ ਵਿੱਚ ਡੀਐਮਕੇ ਜਾਂ ਏਆਈਏਡੀਐਮਕੇ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੀ ਸਰਕਾਰ ਬਣੀ ਹੈ। ਵਿਜੇ ਦੀ ਪਾਰਟੀ ਟੀਵੀਕੇ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਕਾਂਗਰਸ, ਸੀਪੀਆਈ, ਸੀਪੀਐਮ, ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਨਾਲ ਵਿਜੇ ਨੂੰ 121 ਵਿਧਾਇਕਾਂ ਦਾ ਸਾਥ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਵਿਜੇ ਨੇ ਸ਼ਨੀਵਾਰ ਨੂੰ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕਰਕੇ ਸਮਰਥਨ ਪੱਤਰ ਸੌਂਪੇ ਸਨ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਅਤੇ ਵਿਧਾਨ ਸਭਾ ਵਿੱਚ 13 ਮਈ ਤੱਕ ਬਹੁਮਤ ਸਾਬਤ ਕਰਨ ਲਈ ਸਮਾਂ ਦਿੱਤਾ।

ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਵੱਡੇ ਸਿਆਸੀ ਆਗੂ ਮੌਜੂਦ ਰਹੇ। ਤਾਮਿਲਨਾਡੂ ਦੀ ਸਿਆਸਤ ਵਿੱਚ ਇਹ ਬਦਲਾਅ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 1967 ਤੋਂ ਬਾਅਦ ਸੂਬੇ ਦੀ ਰਾਜਨੀਤੀ ਡੀਐਮਕੇ ਅਤੇ ਏਆਈਏਡੀਐਮਕੇ ਦੇ ਆਲੇ-ਦੁਆਲੇ ਹੀ ਘੁੰਮਦੀ ਰਹੀ ਸੀ। ਹੁਣ ਦੋ ਸਾਲ ਪੁਰਾਣੀ ਟੀਵੀਕੇ ਨੇ ਦੋਵੇਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਨਵਾਂ ਸਿਆਸੀ ਇਤਿਹਾਸ ਰਚ ਦਿੱਤਾ ਹੈ।

Leave a Reply

Your email address will not be published. Required fields are marked *