
ਨਵੀਂ ਦਿੱਲੀ, 5 ਮਈ 2026: ਨਵੀਂ ਦਿੱਲੀ: ਅਮਰੀਕੀ ਹਵਾਈ ਸੈਨਾ ਦਾ ਬੋਇੰਗ KC-135 ਸਟ੍ਰੈਟੋਟੈਂਕਰ, ਜਿਸਨੂੰ ‘ਉਡਦਾ ਗੈਸ ਸਟੇਸ਼ਨ’ ਵੀ ਕਿਹਾ ਜਾਂਦਾ ਹੈ, ਨੇ ਉਡਾਨ ਦੌਰਾਨ ‘7700’ ਐਮਰਜੈਂਸੀ ਕੋਡ ਜਾਰੀ ਕੀਤਾ। Flightradar24 ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਫਾਰਸ ਦੀ ਖਾੜੀ ‘ਚ ਈਰਾਨ ਦੇ ਨੇੜੇ ਉਡ ਰਿਹਾ ਸੀ, ਜਿੱਥੇ ਇਸ ਸਮੇਂ ਖੇਤਰੀ ਤਣਾਅ ਵੀ ਵਧ ਰਿਹਾ ਹੈ।
ਰਿਪੋਰਟਾਂ ਅਨੁਸਾਰ, ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਅਲ ਧਫਰਾ ਏਅਰ ਬੇਸ ਤੋਂ ਉਡਾਣ ਭਰੀ ਸੀ, ਪਰ ਕਤਰ ਦੇ ਆਸਮਾਨ ਉੱਤੇ ਪਹੁੰਚਣ ਤੋਂ ਬਾਅਦ ਇਸਦਾ ਸਿਗਨਲ ਅਚਾਨਕ ਗਾਇਬ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਜਹਾਜ਼ ਮੱਧ ਪੂਰਬ ਵਿੱਚ ਚੱਲ ਰਹੀਆਂ ਫੌਜੀ ਕਾਰਵਾਈਆਂ ਨੂੰ ਸਮਰਥਨ ਦੇਣ ਲਈ ਤਾਇਨਾਤ ਸੀ।
ਫਲਾਈਟ ਟਰੈਕਿੰਗ ਡੇਟਾ ਮੁਤਾਬਕ, ਜਹਾਜ਼ ਨੇ ਲੈਂਡਿੰਗ ਤੋਂ ਪਹਿਲਾਂ ਕੁਝ ਸਮੇਂ ਲਈ ਹਵਾ ਵਿੱਚ ਚੱਕਰ ਵੀ ਲਗਾਇਆ। ਹਾਲਾਂਕਿ, ਐਮਰਜੈਂਸੀ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਇਹ ਸਪੱਸ਼ਟ ਹੈ ਕਿ ਇਹ ਘਟਨਾ ਕਿਸੇ ਦੁਸ਼ਮਣੀ ਕਾਰਵਾਈ ਨਾਲ ਜੁੜੀ ਹੋ ਸਕਦੀ ਹੈ।
ਇਸ ਦੌਰਾਨ, ਈਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਫਾਰਸ ਨੇ ਵੀ Flightradar24 ਦੇ ਅੰਕੜਿਆਂ ਦੇ ਆਧਾਰ ‘ਤੇ ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਦਿੱਤੀ ਹੈ, ਪਰ ਈਰਾਨ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਉਧਰ, ਅਮਰੀਕੀ ਫੌਜ ਨੇ ਵੀ ਜਹਾਜ਼ ਦੀ ਮੌਜੂਦਾ ਸਥਿਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।
ਦੱਸਣਯੋਗ ਹੈ ਕਿ KC-135 ਸਟ੍ਰੈਟੋਟੈਂਕਰ ਇੱਕ ਖਾਸ ਫੌਜੀ ਜਹਾਜ਼ ਹੈ, ਜਿਸ ਵਿੱਚ ਚਾਰ ਟਰਬੋਫੈਨ ਇੰਜਣ ਹੁੰਦੇ ਹਨ ਅਤੇ ਇਹ ਮੁੱਖ ਤੌਰ ‘ਤੇ ਹਵਾਈ ਉਡਾਨ ਦੌਰਾਨ ਹੋਰ ਜਹਾਜ਼ਾਂ ਨੂੰ ਇੰਧਨ ਮੁਹੱਈਆ ਕਰਵਾਉਣ ਲਈ ਵਰਤਿਆ ਜਾਂਦਾ ਹੈ। ਇਸਦੇ ਨਾਲ ਹੀ ਇਹ ਕਾਰਗੋ ਅਤੇ ਸਾਮਾਨ ਲਿਜਾਣ ਦੀ ਸਮਰੱਥਾ ਵੀ ਰੱਖਦਾ ਹੈ ਅਤੇ ਪਿਛਲੇ ਲਗਭਗ 60 ਸਾਲਾਂ ਤੋਂ ਅਮਰੀਕੀ ਹਵਾਈ ਸੈਨਾ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
