
ਚੰਡੀਗੜ੍ਹ / ਲੁਧਿਆਣਾ, 5 ਮਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਤਹਿਤ, ਜਲੰਧਰ ਅਤੇ ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਸੂਬੇ ਦਾ ਤੀਜਾ ਸ਼ਹਿਰ ਬਣ ਗਿਆ ਹੈ ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ITMS) ਲਾਗੂ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ ਪੁਲਿਸ (DGP) ਪੰਜਾਬ ਗੌਰਵ ਯਾਦਵ ਵੱਲੋਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦੇ ਉਦਘਾਟਨ ਮੌਕੇ ਦਿੱਤੀ ਗਈ।
ਡੀਜੀਪੀ ਨੇ ਦੱਸਿਆ ਕਿ ICCC ਪ੍ਰਾਜੈਕਟ ਅਧੀਨ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ 259 ਥਾਵਾਂ ‘ਤੇ ਲਗਭਗ 1700 ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ।
ਇਹ ITMS ਸ਼ਹਿਰ ਦੇ 46 ਸਥਾਨਾਂ ‘ਤੇ ਲਗਾਇਆ ਗਿਆ ਹੈ ਜੋ 9 ਕਿਸਮਾਂ ਦੀਆਂ ਟ੍ਰੈਫਿਕ ਉਲੰਘਣਾਵਾਂ ਦੀ ਪਹਿਚਾਣ ਕਰਨ ਸਮਰੱਥ ਹੈ, ਜਿਵੇਂ ਕਿ ਲਾਲ ਬੱਤੀ ਦੀ ਉਲੰਘਣਾ, ਸਟਾਪ ਲਾਈਨ ਤੋਂ ਅੱਗੇ ਜਾਣਾ, ਹੈਲਮੈਟ ਤੋਂ ਬਿਨਾਂ ਵਾਹਨ ਚਲਾਉਣਾ, ਪਿਛਲੀ ਸੀਟ ਵਾਲੇ ਵੱਲੋਂ ਹੈਲਮੈਟ ਨਾ ਪਹਿਨਣਾ, ਤਿੰਨ ਸਵਾਰੀਆਂ ਬਿਠਾਉਣਾ, ਤੇਜ਼ ਰਫ਼ਤਾਰ, ਜ਼ੈਬਰਾ ਕ੍ਰਾਸਿੰਗ ਦੀ ਉਲੰਘਣਾ, ਗਲਤ ਪਾਸੇ ਡਰਾਈਵ ਕਰਨਾ ਅਤੇ ਗਲਤ ਥਾਂ ਵਾਹਨ ਖੜ੍ਹਾ ਕਰਨਾ।
ਗੌਰਵ ਯਾਦਵ, ਜੋ ਆਪਣੇ ਗਰਾਊਂਡ ਜ਼ੀਰੋ ਦੌਰੇ ਦੌਰਾਨ ਲੁਧਿਆਣਾ ਪਹੁੰਚੇ ਹੋਏ ਸਨ, ਨੇ ਅਪਗ੍ਰੇਡ ਕੀਤੇ ਆਧੁਨਿਕ ICCC ਨੂੰ ਸਮਾਰਟ ਅਤੇ ਅਹਤਿਆਤੀ ਪੁਲਿਸਿੰਗ ਵੱਲ ਇੱਕ ਵੱਡਾ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਵੇਂ ਕੇਂਦਰ ਵਿੱਚ ਟ੍ਰੈਫਿਕ, ਪੁਲਿਸ ਕੰਟਰੋਲ ਰੂਮ (PCR), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟਾਂ ਨੂੰ ਇੱਕੋ ਥਾਂ ਜੋੜਿਆ ਗਿਆ ਹੈ, ਜਿਸ ਨਾਲ ਵਿਭਾਗੀ ਤਾਲਮੇਲ ਵਿੱਚ ਸੁਧਾਰ ਆਏਗਾ ਅਤੇ PCR ਦੀ ਰਿਸਪਾਂਸ ਟਾਈਮ 15 ਮਿੰਟ ਤੋਂ ਘਟਾ ਕੇ ਲਗਭਗ 7–8 ਮਿੰਟ ਕਰ ਦਿੱਤੀ ਗਈ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਅਤੇ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਵੀ ਮੌਜੂਦ ਸਨ। ਡੀਜੀਪੀ ਨੇ ਫੀਲਡ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕਰਕੇ ਜਨਤਕ ਸ਼ਿਕਾਇਤਾਂ ਦੇ ਤੁਰੰਤ ਅਤੇ ਨਾਗਰਿਕ-ਕੇਂਦਰਿਤ ਨਿਪਟਾਰੇ ‘ਤੇ ਜ਼ੋਰ ਦਿੱਤਾ।
ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਡੀਜੀਪੀ ਨੇ ਪੁਲਿਸ ਲਾਈਨਜ਼ ਵਿੱਚ ਆਯੋਜਿਤ ‘ਵੱਡੇ ਖਾਣੇ’ ਦੌਰਾਨ 550 ਤੋਂ ਵੱਧ ਪੁਲਿਸ ਕਰਮਚਾਰੀਆਂ ਨਾਲ ਭੋਜਨ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਆਪਸੀ ਭਾਈਚਾਰੇ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਨੂੰ ਹੋਰ ਮਜ਼ਬੂਤ ਕਰਦੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੋਸਲਾ ਵੀ ਵਧਾਇਆ।
ਇਸ ਮੌਕੇ ਹੋਰ ਅਧਿਕਾਰੀਆਂ ਵਿੱਚ ਐਸਐਸਪੀ ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ, ਐਸਐਸਪੀ ਐਸਬੀਐਸ ਨਗਰ ਤੁਸ਼ਾਰ ਗੁਪਤਾ, ਐਸਐਸਪੀ ਖੰਨਾ ਦਰਪਨ ਆਹਲੂਵਾਲੀਆ ਅਤੇ ਡੀਜੀਪੀ ਦੇ ਸਟਾਫ ਅਫਸਰ ਰਿਸ਼ਭ ਭੋਲਾ ਵੀ ਸ਼ਾਮਲ ਸਨ।
