
ਚੰਡੀਗੜ੍ਹ, 28 ਅਪ੍ਰੈਲ 2026: ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਨੀਦਰਲੈਂਡ ਅਤੇ ਫਿਨਲੈਂਡ ਦੇ ਆਪਣੇ ਹਾਲੀਆ ਦੌਰੇ ਦੀਆਂ ਮੁੱਖ ਪ੍ਰਾਪਤੀਆਂ ਮੀਡੀਆ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਪੰਜਾਬ ਵਿੱਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ, ਉੱਨਤ ਤਕਨਾਲੋਜੀ ਨੂੰ ਲਿਆਉਣਾ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਸੀ।
ਸੀਐਮ ਮਾਨ ਨੇ ਦੱਸਿਆ ਕਿ ਇਸ ਦੌਰੇ ਦੇ ਨਤੀਜੇ ਵਜੋਂ ਪੰਜਾਬ ਦੇ ਖੇਤੀਬਾੜੀ, ਉਦਯੋਗ ਅਤੇ ਸਿੱਖਿਆ ਖੇਤਰ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਪੰਜਾਬ ਨੂੰ ਗਲੋਬਲ ਸਪਲਾਈ ਚੇਨ ਨਾਲ ਜੋੜਨਾ ਅਤੇ ਵੱਡੇ ਪੱਧਰ ‘ਤੇ ਨਿਵੇਸ਼ ਲਿਆ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਇੱਕ ਨਵੀਂ ਸੈਮੀਕੰਡਕਟਰ ਰਿਸਰਚ ਲੈਬ ਸਥਾਪਿਤ ਕੀਤੀ ਜਾਵੇਗੀ, ਜਿਸ ਨਾਲ ਮੋਹਾਲੀ ਨੂੰ ਇੱਕ ਵੱਡੇ ਆਈਟੀ ਹੱਬ ਵਜੋਂ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ। ਸਿੱਖਿਆ ਖੇਤਰ ਵਿੱਚ ਸੁਧਾਰ ਲਈ ਪੰਜਾਬ ਦੇ ਅਧਿਆਪਕਾਂ ਨੂੰ ਵਿਸ਼ਵ-ਪੱਧਰੀ ਟ੍ਰੇਨਿੰਗ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
ਖੇਡਾਂ ਦੇ ਖੇਤਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਚ ਹਾਕੀ ਦੇ ਮਸ਼ਹੂਰ ਖਿਡਾਰੀ ਪੰਜਾਬ ਦੇ ਨੌਜਵਾਨਾਂ ਨੂੰ ਸਲਾਹਕਾਰ ਵਜੋਂ ਮਾਰਗਦਰਸ਼ਨ ਦੇਣਗੇ। ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਨਾਲ ਮਿਲ ਕੇ ਆਧੁਨਿਕ ਖੇਤੀ ਮਾਡਲ ਲਾਗੂ ਕੀਤੇ ਜਾਣਗੇ। ਬਾਗਬਾਨੀ ਅਤੇ ਫਲੋਰੀਕਲਚਰ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਫਿਨਲੈਂਡ ਵਿੱਚ ਪੰਜਾਬੀਆਂ ਦੀਆਂ ਉਪਲਬਧੀਆਂ ਬਾਰੇ ਗੱਲ ਕਰਦਿਆਂ ਸੀਐਮ ਮਾਨ ਨੇ ਦੱਸਿਆ ਕਿ ਉੱਥੇ ਦੀ ਹਾਕੀ ਟੀਮ ਵਿੱਚ ਪੰਜ ਪੰਜਾਬੀ ਖਿਡਾਰੀ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫਿਨਲੈਂਡ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਜਿੱਤਿਆ ਗਿਆ ਇੱਕ ਮੈਡਲ ਉਨ੍ਹਾਂ ਨੂੰ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜੋ ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਕਾਮਯਾਬੀ ਦਾ ਪ੍ਰਤੀਕ ਹੈ।
