
ਚੰਡੀਗੜ੍ਹ, 26 ਅਪ੍ਰੈਲ 2026: ‘ਆਪ’ ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਨੇ ਪਾਰਟੀ ਖ਼ਿਲਾਫ਼ ਬਗਾਵਤ ਕਰਦਿਆਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਰਾਜ ਸਭਾ ਵਿੱਚ ‘ਆਪ’ ਦੇ ਕੁੱਲ 10 ਸੰਸਦ ਮੈਂਬਰ ਸਨ, ਜਿਨ੍ਹਾਂ ਵਿੱਚੋਂ ਸੱਤ ਦੇ ਇਕੱਠੇ ਟੁੱਟ ਜਾਣ ਨਾਲ ਇਹ ਗਿਣਤੀ ਦੋ-ਤਿਹਾਈ ਤੋਂ ਵੱਧ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਦਲ-ਬਦਲ ਕਾਨੂੰਨ ਅਧੀਨ ਅਯੋਗਤਾ ਤੋਂ ਛੋਟ ਮਿਲ ਗਈ।
ਰਾਘਵ ਚੱਢਾ ਦੇ ਨਾਲ ਪਾਰਟੀ ਛੱਡਣ ਵਾਲਿਆਂ ਵਿੱਚ ਸੰਦੀਪ ਪਾਠਕ, ਸਵਾਤੀ ਮਾਲੀਵਾਲ, ਅਸ਼ੋਕ ਮਿੱਤਲ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਛੇ ਸੰਸਦ ਮੈਂਬਰ ਪੰਜਾਬ ਤੋਂ ਹਨ ਜਦਕਿ ਇੱਕ ਦਿੱਲੀ ਨਾਲ ਸੰਬੰਧਿਤ ਹੈ, ਜਿਸ ਕਾਰਨ ਇਸ ਸਿਆਸੀ ਵਿਕਾਸ ਦਾ ਪੰਜਾਬ ਦੀ ਰਾਜਨੀਤੀ ‘ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਹੈ।
ਇਸਦੇ ਨਾਲ ਹੀ ਰਾਘਵ ਚੱਢਾ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ। ਭਾਜਪਾ ਵਿੱਚ ਸ਼ਾਮਲ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਦੇ ਇੰਸਟਾਗ੍ਰਾਮ ਫਾਲੋਅਰਜ਼ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸਿਰਫ਼ ਇੱਕ ਦਿਨ ਵਿੱਚ ਹੀ 10 ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਨੂੰ ਅਨਫਾਲੋ ਕਰ ਦਿੱਤਾ। ਫੇਸਬੁੱਕ ‘ਤੇ ਵੀ ਹਜ਼ਾਰਾਂ ਯੂਜ਼ਰਾਂ ਨੇ ਉਨ੍ਹਾਂ ਦੇ ਇਸ ਫੈਸਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਸ਼ੁੱਕਰਵਾਰ ਸ਼ਾਮ ਜਿਵੇਂ ਹੀ ਉਨ੍ਹਾਂ ਦੇ ਭਾਜਪਾ ਵਿੱਚ ਜਾਣ ਦੀ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ ‘ਤੇ ਵਿਰੋਧ ਦੀ ਲਹਿਰ ਚੱਲ ਪਈ। ਕੁਝ ਘੰਟਿਆਂ ਵਿੱਚ ਹੀ ਉਨ੍ਹਾਂ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਲਗਭਗ 1.46 ਕਰੋੜ ਤੋਂ ਘਟ ਕੇ 1.36 ਕਰੋੜ ਰਹਿ ਗਈ। ਉਨ੍ਹਾਂ ਦੀਆਂ ਪੋਸਟਾਂ ਦੇ ਕਮੈਂਟ ਸੈਕਸ਼ਨ ਵਿੱਚ ਵੀ ਲੋਕਾਂ ਨੇ ਵੱਡੀ ਗਿਣਤੀ ਵਿੱਚ ਨਾਰਾਜ਼ਗੀ ਜ਼ਾਹਰ ਕੀਤੀ।
‘Unfollow Raghav Chadha’ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਕਈ ਵਰਤੋਂਕਾਰਾਂ ਨੇ ਉਨ੍ਹਾਂ ਨੂੰ ‘ਹੀਰੋ ਤੋਂ ਜ਼ੀਰੋ’ ਅਤੇ ‘ਪੰਜਾਬ ਦਾ ਗੱਦਾਰ’ ਵਰਗੇ ਸ਼ਬਦ ਕਹੇ। ਅੰਕੜਿਆਂ ਅਨੁਸਾਰ, ਸਿਰਫ਼ ਇੰਸਟਾਗ੍ਰਾਮ ‘ਤੇ ਹੀ ਇੱਕ ਲੱਖ ਤੋਂ ਵੱਧ ਨਕਾਰਾਤਮਕ ਪ੍ਰਤੀਕਿਰਿਆਵਾਂ ਦਰਜ ਹੋਈਆਂ।
ਸੂਤਰਾਂ ਮੁਤਾਬਕ ਇਹ ਸਿਆਸੀ ਉਥਲ-ਪੁਥਲ 5 ਅਪ੍ਰੈਲ ਨੂੰ ਸ਼ੁਰੂ ਹੋਈ, ਜਦੋਂ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਪਾਰਟੀ ਅਤੇ ਚੱਢਾ ਵਿਚਕਾਰ ਤਣਾਅ ਵਧਦਾ ਗਿਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੋਰ ਸੰਸਦ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਰਣਨੀਤੀ ਤਿਆਰ ਕੀਤੀ।
ਇਸ ਦਰਮਿਆਨ, ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਬਾਗੀ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਟਿਕਟਾਂ ਦੀ ਪੇਸ਼ਕਸ਼ ਕੀਤੀ। ਪਰ ਉਸ ਵੇਲੇ ਤੱਕ ਸੰਸਦ ਮੈਂਬਰ ਪਾਰਟੀ ਛੱਡਣ ਦਾ ਫੈਸਲਾ ਕਰ ਚੁੱਕੇ ਸਨ ਅਤੇ ਮੀਟਿੰਗ ਤੋਂ ਪਹਿਲਾਂ ਹੀ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ।
