
ਚੰਡੀਗੜ੍ਹ / ਜਲੰਧਰ, 25 ਅਪ੍ਰੈਲ 2026: ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਨੀਵਾਰ ਨੂੰ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਦੇ ਬਾਹਰ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਦਰਅਸਲ, ਇਹ ਦੋਵੇਂ ਆਗੂ ਸ਼ੁੱਕਰਵਾਰ ਨੂੰ ਹੋਰ ਪੰਜ ਸੰਸਦ ਮੈਂਬਰਾਂ ਦੇ ਨਾਲ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਜਲੰਧਰ ਦੇ ਛੋਟੀ ਬਾਰਾਦਰੀ ਇਲਾਕੇ ਵਿੱਚ ਸਥਿਤ ਹਰਭਜਨ ਸਿੰਘ ਦੇ ਨਿਵਾਸ ਦੇ ਬਾਹਰ ਹੋਏ ਇਸ ਪ੍ਰਦਰਸ਼ਨ ਦੀ ਅਗਵਾਈ ਮੇਅਰ ਵਿਨੀਤ ਧੀਰ ਅਤੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਵਾਂ ਆਗੂਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿੱਚ ਫੜੀਆਂ ਤਖ਼ਤੀਆਂ ‘ਤੇ ਉਨ੍ਹਾਂ ਨੂੰ ‘ਗੱਦਾਰ’ ਕਰਾਰ ਦਿੱਤਾ। ਗੁੱਸੇ ਵਿੱਚ ਆਏ ਵਰਕਰਾਂ ਨੇ ਹਰਭਜਨ ਸਿੰਘ ਦੇ ਘਰ ਦੇ ਬਾਹਰ ਕੰਧ ‘ਤੇ ਵੀ ‘ਗੱਦਾਰ’ ਲਿਖ ਦਿੱਤਾ।
ਇਸ ਦੌਰਾਨ ਵਰਕਰਾਂ ਨੇ “ਭੱਜੀ ਬੀਜੇਪੀ ਵਿੱਚ ਭੱਜ ਗਿਆ” ਦੇ ਨਾਅਰੇ ਵੀ ਲਗਾਏ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਨਾਲ ਧੋਖਾ ਕੀਤਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਹੈ ਅਤੇ ਬਾਗੀ ਆਗੂਆਂ ਨੂੰ ‘ਵਿਕਾਊ’ ਵੀ ਕਰਾਰ ਦਿੱਤਾ।
ਵਰਕਰਾਂ ਨੇ ਕਿਹਾ ਕਿ ਜਲੰਧਰ ਵਾਸੀਆਂ ਨੂੰ ਹਮੇਸ਼ਾ ਹਰਭਜਨ ਸਿੰਘ ਦੀ ਖੇਡ ਕਾਰਨ ਉਸ ‘ਤੇ ਮਾਣ ਰਿਹਾ ਹੈ ਅਤੇ ‘ਆਪ’ ਵੱਲੋਂ ਵੀ ਉਸਨੂੰ ਪੂਰਾ ਸਤਿਕਾਰ ਦਿੱਤਾ ਗਿਆ, ਪਰ ਉਸ ਨੇ ਪਾਰਟੀ ਨਾਲ ਨਿਭ ਨਹੀਂ ਕੀਤਾ। ਦੋਵਾਂ ਥਾਵਾਂ ਦੇ ਬਾਹਰ ਸੁਰੱਖਿਆ ਲਈ ਭਾਰੀ ਪੁਲੀਸ ਬੰਦੋਬਸਤ ਵੀ ਕੀਤਾ ਗਿਆ।
