
ਚੰਡੀਗੜ੍ਹ, 24 ਅਪ੍ਰੈਲ 2026: ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਰਹਿਣ ਵਾਲੀ 24 ਸਾਲਾ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਸ਼ੱਕੀ ਹਾਲਾਤਾਂ ਹੇਠ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਨਮੋਲਦੀਪ ਕੌਰ ਰੋਜ਼ਾਨਾ ਵਾਂਗ ਆਪਣੇ ਕਾਲਜ ਤੋਂ ਵਾਪਸੀ ਦੌਰਾਨ ਰਾਹ ਵਿੱਚ ਪੈਂਦੇ ਪਾਰਕ ਵਿੱਚ ਸੈਰ ਕਰਨ ਗਈ ਸੀ, ਜਿੱਥੇ ਬੈਂਚ ‘ਤੇ ਬੈਠਿਆਂ ਉਹ ਅਚਾਨਕ ਬੇਹੋਸ਼ ਹੋ ਗਈ।
ਪਾਰਕ ਵਿੱਚ ਮੌਜੂਦ ਲੋਕਾਂ ਨੇ ਜਦੋਂ ਉਸਨੂੰ ਦੇਖਿਆ ਤਾਂ ਉਸਦੇ ਸਾਹ ਰੁਕ ਚੁੱਕੇ ਸਨ। ਸੂਚਨਾ ਮਿਲਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਨਮੋਲਦੀਪ ਦੇ ਪਿਤਾ, ਸਾਬਕਾ ਫੌਜੀ ਸੂਬੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ 2021 ਵਿੱਚ ਕੈਨੇਡਾ ਪੜ੍ਹਾਈ ਲਈ ਗਈ ਸੀ ਅਤੇ ਉੱਥੇ ਬੱਚਿਆਂ ਦੀ ਦੇਖਭਾਲ ਦਾ ਕੰਮ ਵੀ ਕਰਦੀ ਸੀ।
ਉਨ੍ਹਾਂ ਦੱਸਿਆ ਕਿ ਅਨਮੋਲਦੀਪ ਨੇ ਪਿਛਲੇ ਸਾਲ ਪੀ.ਆਰ. ਲਈ ਅਰਜ਼ੀ ਦਿੱਤੀ ਹੋਈ ਸੀ, ਜੋ ਹਾਲੇ ਪ੍ਰਕਿਰਿਆ ਅਧੀਨ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਸਦੀ ਮਾਤਾ ਅਮਰਦੀਪ ਕੌਰ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ। ਅਨਮੋਲਦੀਪ ਦਾ ਭਰਾ ਦਿਲਪ੍ਰੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉਹ ਕੈਨੇਡਾ ਪੁਲੀਸ ਨਾਲ ਸੰਪਰਕ ਵਿੱਚ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਨਮੋਲਦੀਪ ਕੌਰ ਦਾ ਪਰਿਵਾਰ ਮੂਲ ਤੌਰ ‘ਤੇ ਪਿੰਡ ਮਾਣੂਕੇ ਨਾਲ ਸੰਬੰਧਿਤ ਹੈ।
