Saturday, May 23Punjabi People

ਪਟਿਆਲਾ ਦੇ ਇੱਕ ਡਰਾਈਵਰ ਦੀ ਮਾਤਾ ਨੇ ਕੈਂਸਰ ‘ਤੇ ਜਿੱਤ ਹਾਸਲ ਕੀਤੀ; ਮੁੱਖ ਮੰਤਰੀ ਸਿਹਤ ਯੋਜਨਾ ਨੇ ਮੁਸ਼ਕਲ ਵੇਲੇ ਮਜ਼ਬੂਤ ਸਹਾਰਾ ਦਿੱਤਾ

ਚੰਡੀਗੜ੍ਹ/ਪਟਿਆਲਾ, 18 ਅਪ੍ਰੈਲ 2026: ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਕੁਝ ਮਹੀਨੇ ਪਹਿਲਾਂ ਇਕ ਅਜਿਹੇ ਮੋੜ ’ਤੇ ਆ ਖੜ੍ਹੀ ਹੋਈ ਜਿੱਥੇ ਹਰ ਪਾਸੇ ਮੁਸ਼ਕਲਾਂ ਹੀ ਮੁਸ਼ਕਲਾਂ ਦਿਖਾਈ ਦੇ ਰਹੀਆਂ ਸਨ। ਉਸ ਦੀ 65 ਸਾਲਾ ਮਾਤਾ ਬਲਜੀਤ ਕੌਰ ਗੰਭੀਰ ਬਿਮਾਰੀ ਕਾਰਨ ਹੌਲੀ-ਹੌਲੀ ਖਾਣ-ਪੀਣ ਛੱਡ ਰਹੀ ਸੀ। ਪੁੱਤਰ ਲਈ ਇਹ ਸਿਰਫ਼ ਬਿਮਾਰੀ ਨਹੀਂ, ਸਗੋਂ ਹਰ ਰੋਜ਼ ਘਟਦੀਆਂ ਉਮੀਦਾਂ ਦਾ ਦਰਦ ਸੀ।

ਗੁਰਪਿੰਦਰ ਦੇ ਅਨੁਸਾਰ ਪਹਿਲਾਂ ਉਹ ਨਿੱਜੀ ਡਾਕਟਰਾਂ ਕੋਲ ਇਲਾਜ ਲਈ ਦੌੜਦਾ ਰਿਹਾ, ਫਿਰ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਭੇਜਿਆ ਗਿਆ। ਇਲਾਜ ਅਤੇ ਟੈਸਟਾਂ ਦੇ ਬਾਵਜੂਦ ਹਾਲਤ ਹੋਰ ਖਰਾਬ ਹੋ ਗਈ। ਆਖਿਰਕਾਰ ਰਿਪੋਰਟ ਵਿੱਚ ਬੱਚੇਦਾਨੀ ਦੇ ਕੈਂਸਰ ਦੀ ਪੁਸ਼ਟੀ ਹੋਈ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਇਸ ਔਖੇ ਸਮੇਂ ਵਿੱਚ ਗੁਰਪਿੰਦਰ ਨੇ ਬਿਨਾਂ ਦੇਰ ਕੀਤੇ ਮਾਂ ਨੂੰ ਸੰਗਰੂਰ ਦੇ ਟਾਟਾ ਕੈਂਸਰ ਹਸਪਤਾਲ ਵਿੱਚ ਦਾਖਲ ਕਰਵਾਇਆ। ਇਲਾਜ ਦੀ ਸ਼ੁਰੂਆਤ ਨਾਲ ਹੀ ਵੱਡਾ ਖਰਚ ਸਾਹਮਣੇ ਆ ਗਿਆ—ਪਹਿਲੇ ਹੀ ਪੜਾਅ ਵਿੱਚ 60 ਹਜ਼ਾਰ ਰੁਪਏ ਤੋਂ ਵੱਧ ਲੱਗ ਗਏ, ਜੋ ਇੱਕ ਡਰਾਈਵਰ ਲਈ ਬਹੁਤ ਵੱਡੀ ਰਕਮ ਸੀ।

ਇਸ ਦਰਮਿਆਨ ਉਸਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਮਿਲੀ। ਉਸ ਨੇ ਤੁਰੰਤ ਰਜਿਸਟ੍ਰੇਸ਼ਨ ਕਰਵਾਈ ਅਤੇ ਕੁਝ ਹੀ ਸਮੇਂ ਵਿੱਚ ਸਮਾਰਟ ਕਾਰਡ ਜਾਰੀ ਹੋ ਗਿਆ। ਇਸ ਤੋਂ ਬਾਅਦ ਮਾਂ ਦੇ ਮਹਿੰਗੇ ਇਲਾਜ—ਜਿਸ ਵਿੱਚ ਟੈਸਟ, ਕੀਮੋਥੈਰੇਪੀ, ਦਵਾਈਆਂ, ਆਪਰੇਸ਼ਨ, ਆਈਸੀਯੂ ਅਤੇ ਵੈਂਟੀਲੇਟਰ ਦੀ ਸਹੂਲਤ ਸ਼ਾਮਲ ਸੀ—ਦਾ ਵੱਡਾ ਹਿੱਸਾ ਸਰਕਾਰ ਵੱਲੋਂ ਭਰਿਆ ਗਿਆ।

ਗੁਰਪਿੰਦਰ ਭਾਵੁਕ ਹੋ ਕੇ ਕਹਿੰਦਾ ਹੈ ਕਿ ਮਾਂ ਨੂੰ ਬਚਾਉਣਾ ਉਸ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਅਤੇ ਇਸ ਯੋਜਨਾ ਨੇ ਉਸ ਨੂੰ ਹੌਸਲਾ ਦਿੱਤਾ। ਡਾਕਟਰਾਂ ਲਈ ਵੀ ਇਹ ਕੇਸ ਕਾਫੀ ਜਟਿਲ ਸੀ, ਕਿਉਂਕਿ ਕੈਂਸਰ ਬੱਚੇਦਾਨੀ ਤੋਂ ਲੀਵਰ ਅਤੇ ਫੇਫੜਿਆਂ ਤੱਕ ਫੈਲ ਚੁੱਕਾ ਸੀ। ਪਹਿਲਾਂ ਤਿੰਨ ਕੀਮੋਥੈਰੇਪੀ ਸੈਸ਼ਨ ਦਿੱਤੇ ਗਏ, ਫਿਰ ਹੌਲੀ-ਹੌਲੀ ਡੋਜ਼ ਘਟਾ ਕੇ ਹੋਰ ਇਲਾਜ ਜਾਰੀ ਰੱਖਿਆ ਗਿਆ।

ਇਲਾਜ ਤੋਂ ਬਾਅਦ ਟਿਊਮਰ ਇੱਕ ਥਾਂ ’ਤੇ ਸਿਮਟ ਗਿਆ ਅਤੇ ਲਗਭਗ ਅੱਠ ਘੰਟਿਆਂ ਦੇ ਆਪਰੇਸ਼ਨ ਰਾਹੀਂ ਉਸਨੂੰ ਕੱਢ ਦਿੱਤਾ ਗਿਆ। ਆਪਰੇਸ਼ਨ ਤੋਂ ਬਾਅਦ ਮਰੀਜ਼ ਕੁਝ ਦਿਨ ਆਈਸੀਯੂ ਅਤੇ ਵੈਂਟੀਲੇਟਰ ’ਤੇ ਰਹੀ ਅਤੇ ਫਿਰ ਹੌਲੀ-ਹੌਲੀ ਸਿਹਤ ਵਿੱਚ ਸੁਧਾਰ ਆਇਆ।

ਗੁਰਪਿੰਦਰ ਹਰ ਸਮੇਂ ਮਾਂ ਦੇ ਨਾਲ ਖੜ੍ਹਾ ਰਿਹਾ ਅਤੇ ਅੱਠ ਦਿਨਾਂ ਬਾਅਦ ਜਦੋਂ ਮਾਂ ਦੀ ਹਾਲਤ ਬਿਹਤਰ ਹੋਈ ਤਾਂ ਪਰਿਵਾਰ ਲਈ ਇਹ ਇੱਕ ਨਵੀਂ ਉਮੀਦ ਵਰਗਾ ਸੀ। ਨਵੰਬਰ 2025 ਤੋਂ ਸ਼ੁਰੂ ਹੋਇਆ ਇਹ ਇਲਾਜ ਅਜੇ ਵੀ ਜਾਰੀ ਹੈ ਅਤੇ ਅਗਲੇ ਪੜਾਅ ਲਈ ਮੁੱਲਾਂਪੁਰ ਹਸਪਤਾਲ ਵਿੱਚ ਫਾਲੋਅਪ ਕੀਤਾ ਜਾ ਰਿਹਾ ਹੈ। ਕੁਝ ਦਵਾਈਆਂ ਦਾ ਖਰਚ ਉਸ ਨੇ ਖੁਦ ਝੱਲਿਆ, ਪਰ ਬਾਕੀ ਇਲਾਜ ਯੋਜਨਾ ਤਹਿਤ ਮੁਫ਼ਤ ਮਿਲਿਆ।ਇਸ ਸਫਲ ਸਰਜਰੀ ਵਿੱਚ ਗਾਇਨੇਕੋਲੋਜੀ ਵਿਭਾਗ ਦੀ ਡਾ. ਸ਼ਿਵਾਲੀ ਅਤੇ ਹੋਰ ਡਾਕਟਰਾਂ ਨੇ ਅਹਿਮ ਭੂਮਿਕਾ ਨਿਭਾਈ। ਡਾਕਟਰਾਂ ਦੇ ਅਨੁਸਾਰ ਇਸ ਪੂਰੇ ਇਲਾਜ ’ਤੇ ਕਰੀਬ 8 ਤੋਂ 10 ਲੱਖ ਰੁਪਏ ਦਾ ਖਰਚ ਆ ਸਕਦਾ ਸੀ।

ਦੋ ਬੱਚਿਆਂ ਦੇ ਪਿਤਾ ਗੁਰਪਿੰਦਰ ਲਈ ਇਹ ਮਦਦ ਬੇਮਿਸਾਲ ਹੈ। ਉਹ ਕਹਿੰਦਾ ਹੈ ਕਿ ਹੁਣ ਉਸਨੂੰ ਇਹ ਸੰਤੋਖ ਹੈ ਕਿ ਮਾਂ ਨੂੰ ਇਲਾਜ ਦੀ ਕਮੀ ਨਹੀਂ ਰਹੇਗੀ। ਇਹ ਕਹਾਣੀ ਸਿਰਫ਼ ਇੱਕ ਇਲਾਜ ਨਹੀਂ, ਸਗੋਂ ਇੱਕ ਪੁੱਤਰ ਦੇ ਜਜ਼ਬੇ, ਮਾਂ ਲਈ ਪਿਆਰ ਅਤੇ ਸਰਕਾਰੀ ਸਹਾਇਤਾ ਦੀ ਤਾਕਤ ਨੂੰ ਦਰਸਾਉਂਦੀ ਹੈ, ਜਿਸ ਨੇ ਇਕ ਪਰਿਵਾਰ ਨੂੰ ਮੁਸ਼ਕਲ ਸਮੇਂ ਵਿੱਚ ਸੰਭਾਲਿਆ ਅਤੇ ਉਮੀਦ ਦਿੱਤੀ।

Leave a Reply

Your email address will not be published. Required fields are marked *