
ਜਗਰਾਓਂ, 11ਅਪ੍ਰੈਲ 2026: ਵ੍ਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਲਿਆਂਦੀਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ Bhagwant Singh Mann ਜਗਰਾਉਂ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਨ ਤੋਂ ਬਾਅਦ ਉਹ ਸਮਸ਼ਾਨ ਘਾਟ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਈ ਸਿਆਸੀ ਆਗੂ ਵੀ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ 11 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦਕਿ 4 ਲੋਕ ਹਾਲੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਭਾਲ ਕਾਰਜ ਲਗਾਤਾਰ ਜਾਰੀ ਹੈ ਅਤੇ ਗੋਤਾਖੋਰਾਂ ਨਾਲ ਨਾਲ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਕੰਮ ਕਰ ਰਹੀਆਂ ਹਨ। ਪੰਜਾਬ ਤੋਂ ਵੀ ਸਹਾਇਤਾ ਲਈ ਟੀਮਾਂ ਭੇਜੀਆਂ ਗਈਆਂ ਹਨ।
ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਲੁਧਿਆਣਾ ਦੇ ਡੀਸੀ ਵੱਲੋਂ ਉਥੇ ਦੇ ਕਲੈਕਟਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਲਾਜ਼ਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਂ ਦੁੱਖ ਸਾਂਝਾ ਕਰਨ ਦਾ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਪਰਿਵਾਰਾਂ ਦੇ ਨਾਲ ਖੜੀ ਹੈ। ਉਨ੍ਹਾਂ ਦੇ ਮੁਤਾਬਕ ਸੁਰੱਖਿਆ ਦੀ ਕਮੀ ਇਸ ਹਾਦਸੇ ਦਾ ਵੱਡਾ ਕਾਰਨ ਬਣੀ ਅਤੇ ਮ੍ਰਿਤਕਾਂ ਦੀ ਯਾਦ ਵਿੱਚ ਸਮਾਰਕ ਵੀ ਬਣਾਇਆ ਜਾਵੇਗਾ।
ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕਿਸ਼ਤੀ ਚਾਲਕ ਪੱਪੂ ਅਤੇ ਪੋਂਟੂਨ ਪੁਲ ਦੇ ਠੇਕੇਦਾਰ ਨਾਰਾਇਣ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਕਿਸ਼ਤੀ ਚਾਲਕ ਨੇ ਯਾਤਰੀਆਂ ਵੱਲੋਂ ਵਾਪਸ ਮੁੜਨ ਦੀ ਅਪੀਲ ਦੇ ਬਾਵਜੂਦ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਕਿਸ਼ਤੀ ਵਿੱਚ ਲਾਈਫ ਜੈਕਟਾਂ ਦੀ ਘਾਟ ਸੀ ਅਤੇ ਵੱਧ ਭਾਰ ਕਾਰਨ ਇਸ ਦਾ ਸੰਤੁਲਨ ਬਿਗੜ ਗਿਆ, ਜਿਸ ਨਾਲ ਇਹ ਪਲਟ ਗਈ। ਇਸ ਤੋਂ ਇਲਾਵਾ ਠੇਕੇਦਾਰ ਵੱਲੋਂ ਬਿਨਾਂ ਜਾਣਕਾਰੀ ਦਿੱਤੇ ਪੋਂਟੂਨ ਪੁਲ ਨੂੰ ਢਾਹ ਕੇ ਦੁਬਾਰਾ ਤਿਆਰ ਕੀਤਾ ਜਾ ਰਿਹਾ ਸੀ।
