Saturday, May 23Punjabi People

ਜੱਚਾ ਅਤੇ ਬੱਚਾ ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਨਵੀਂ ਤਰੱਕੀ ਲਈ ਐਨਐਚਐਮ ਪੰਜਾਬ ਵੱਲੋਂ ਜੇਐਚਪੀਆਈਜੀਓ ਨਾਲ ਸਾਂਝੇਦਾਰੀ ਕੀਤੀ ਗਈ

ਚੰਡੀਗੜ੍ਹ, 28 ਮਾਰਚ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੇ ਅਨੁਸਾਰ, ਸੂਬੇ ਵਿੱਚ ਜੱਚਾ-ਬੱਚਾ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਪੰਜਾਬ ਨੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਜੇਐਚਪੀਆਈਜੀਓ ਨਾਲ ਲੰਬੇ ਸਮੇਂ ਦੀ ਭਾਈਵਾਲੀ ਲਈ ਸਮਝੌਤਾ ਕੀਤਾ ਹੈ।

ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਹਾਜ਼ਰੀ ਵਿੱਚ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ ਅਤੇ ਜੇਐਚਪੀਆਈਜੀਓ ਦੇ ਕੰਟਰੀ ਡਾਇਰੈਕਟਰ ਡਾ. ਅਮਿਤ ਅਰੁਣ ਸ਼ਾਹ ਵੱਲੋਂ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਸਾਂਝ ਪ੍ਰਜਨਨ, ਜਣੇਪਾ, ਨਵਜੰਮੇ, ਬੱਚਿਆਂ, ਕਿਸ਼ੋਰ ਸਿਹਤ ਅਤੇ ਪੋਸ਼ਣ (ਆਰਐਮਐਨਸੀਐਚਏ+ਐਨ) ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਪਹਲ ਹੈ। ਉਨ੍ਹਾਂ ਕਿਹਾ ਕਿ ਇਹ ਯਤਨ ਨਵੀਨਤਾ-ਅਧਾਰਤ ਜਨਤਕ ਸਿਹਤ ਸੁਧਾਰਾਂ ਅਤੇ ਪੰਜਾਬ ਨੂੰ ਡਿਜੀਟਲ ਸਿਹਤ ਖੇਤਰ ਵਿੱਚ ਅੱਗੇ ਲਿਜਾਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਪਹਿਲ ਦਾ ਮੁੱਖ ਮਕਸਦ ਜੱਚਾ-ਬੱਚਾ ਸਿਹਤ ਸੰਭਾਲ ਵਿੱਚ ਸੁਧਾਰ ਲਈ ਤਕਨੀਕੀ ਸਹਾਇਤਾ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਅਤੇ ਡਾਟਾ-ਅਧਾਰਿਤ ਤਰੀਕਿਆਂ ਰਾਹੀਂ ਉੱਚ-ਜੋਖਮ ਗਰਭਾਵਸਥਾਵਾਂ ਦੀ ਪਛਾਣ ਅਤੇ ਸੰਭਾਲ ਕਰਕੇ ਗਰਭਧਾਰਣ ਤੋਂ ਪਹਿਲਾਂ, ਜਣੇਪੇ ਦੌਰਾਨ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਤਕਨੀਕੀ ਪੱਖ ਉੱਤੇ ਚਾਨਣ ਪਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਲਾਭਪਾਤਰੀ ਟਰੈਕਿੰਗ ਸਿਸਟਮ, ਆਈਓਟੀ ਸਮਰੱਥ ਉਪਕਰਣਾਂ ਅਤੇ ਲੇਬਰ ਰੂਮ ਨਿਗਰਾਨੀ ਪ੍ਰਣਾਲੀਆਂ ਵਰਗੇ ਡਿਜੀਟਲ ਸਿਹਤ ਪਲੇਟਫਾਰਮਾਂ ਦੇ ਏਕੀਕਰਨ ਨੂੰ ਹੋਰ ਮਜ਼ਬੂਤ ਕਰੇਗਾ। ਇਸ ਨਾਲ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਤੁਰੰਤ ਨਿਗਰਾਨੀ, ਉੱਚ-ਜੋਖਮ ਮਾਮਲਿਆਂ ਦੀ ਸਮੇਂ ਸਿਰ ਪਛਾਣ ਅਤੇ ਜਰੂਰੀ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਉਨ੍ਹਾਂ ਹੋਰ ਕਿਹਾ ਕਿ ਇਸ ਸਹਿਯੋਗ ਤਹਿਤ ਸਿਹਤ ਕਰਮਚਾਰੀਆਂ ਦੀ ਸਮਰੱਥਾ ਵਧਾਉਣ, ਤੀਬਰ ਅਤੇ ਸਹਾਇਕ ਨਿਗਰਾਨੀ ਅਤੇ ਨੀਤੀ ਪੱਧਰ ‘ਤੇ ਤਕਨੀਕੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ। ਇਹ ਯਤਨ ਜੱਚਾ-ਬੱਚਾ ਮੌਤ ਦਰ ਵਿੱਚ ਕਮੀ ਲਿਆਉਣ ਵਿੱਚ ਸਹਾਇਕ ਸਾਬਤ ਹੋਣਗੇ ਅਤੇ ਸਥਾਈ ਵਿਕਾਸ ਲਕਸ਼ਾਂ ਦੀ ਪ੍ਰਾਪਤੀ ਵਿੱਚ ਯੋਗਦਾਨ ਪਾਉਣਗੇ।

ਇਸ ਮੌਕੇ ਸਿਹਤ ਵਿਭਾਗ ਅਤੇ ਐਨਐਚਐਮ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਨਾਲ ਵੱਖ-ਵੱਖ ਸੂਬਾ ਪੱਧਰੀ ਭਾਈਵਾਲ ਵੀ ਮੌਜੂਦ ਸਨ।

Leave a Reply

Your email address will not be published. Required fields are marked *