Saturday, May 23Punjabi People

ਆਈਪੀਐਲ ਮੈਚ ਦੌਰਾਨ ਕ੍ਰਿਕਟ ਪ੍ਰੇਮੀਆਂ ਨੂੰ ਵਧੀਆ ਤਜਰਬਾ ਦੇਣ ਲਈ ਮਜ਼ਬੂਤ ਅਤੇ ਸੁਚਾਰੂ ਪ੍ਰਬੰਧ ਲਾਜ਼ਮੀ ਹਨ: ਮੀਤ ਹੇਅਰ

ਮੁੱਲਾਂਪੁਰ / ਨਿਊ ਚੰਡੀਗੜ੍ਹ, 26 ਮਾਰਚ 2026:  31 ਮਾਰਚ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਮੁਕਾਬਲੇ, ਜਿਸ ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਟੱਕਰ ਲੈਣਗੇ, ਲਈ ਪੂਰੇ ਪ੍ਰਬੰਧਾਂ ਦੀ ਜਾਂਚ ਕਰਨ ਵਾਸਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਨਵ-ਨਿਯੁਕਤ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਅੱਜ ਮੁੱਲਾਂਪੁਰ ਸਥਿਤ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ।

ਇਸ ਦੌਰੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਹੋਰ ਅਧਿਕਾਰੀਆਂ ਸਮੇਤ ਸਟੇਡੀਅਮ ਦੇ ਵੱਖ-ਵੱਖ ਹਿੱਸਿਆਂ, ਬੈਠਕ ਪ੍ਰਬੰਧਾਂ, ਆਵਾਜਾਈ ਰਾਹਾਂ, ਪਾਰਕਿੰਗ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਦੇ ਨਾਲ ਹੀ ਦਰਸ਼ਕਾਂ ਲਈ ਬਿਨਾਂ ਰੁਕਾਵਟ ਅਤੇ ਸੁਚਾਰੂ ਕ੍ਰਿਕਟ ਅਨੁਭਵ ਯਕੀਨੀ ਬਣਾਉਣ ਲਈ ਭੀੜ ਪ੍ਰਬੰਧਨ ‘ਤੇ ਵੀ ਖਾਸ ਧਿਆਨ ਦਿੱਤਾ ਗਿਆ।

ਮੀਤ ਹੇਅਰ ਨੇ ਹਰ ਪੱਖੋਂ ਮੁਕੰਮਲ ਤਿਆਰੀਆਂ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮੈਚਾਂ ਦਾ ਸੁਚੱਜਾ ਆਯੋਜਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਪੰਜਾਬ ਨੂੰ ਵੱਡੇ ਕ੍ਰਿਕਟ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮਜ਼ਬੂਤ ਥਾਂ ਮਿਲੇਗੀ ਅਤੇ ਭਵਿੱਖ ਵਿੱਚ ਹੋਰ ਵੱਡੇ ਟੂਰਨਾਮੈਂਟ ਵੀ ਇੱਥੇ ਕਰਵਾਏ ਜਾ ਸਕਣਗੇ। ਉਨ੍ਹਾਂ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ (ਹਾਕੀ) ਦੀ ਮੇਜ਼ਬਾਨੀ ਲਈ ਪੰਜਾਬ ਦੀ ਚੋਣ ਦਾ ਵੀ ਜ਼ਿਕਰ ਕੀਤਾ।

ਇਸ ਮੌਕੇ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਪੂਰਾ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 31 ਮਾਰਚ ਦੇ ਮੈਚ ਤੋਂ ਇਲਾਵਾ ਇਸ ਸਟੇਡੀਅਮ ਵਿੱਚ ਹੋਰ ਤਿੰਨ ਮੈਚ ਵੀ ਹੋਣਗੇ, ਜੋ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਹੌਲੀ-ਹੌਲੀ ਵਿਸ਼ਵ ਪੱਧਰ ‘ਤੇ ਵੱਡੇ ਖੇਡ ਮੁਕਾਬਲਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ।

Leave a Reply

Your email address will not be published. Required fields are marked *