
ਚੰਡੀਗੜ੍ਹ, 17 ਮਾਰਚ 2026: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਤੋਂ ਇੱਕ ਮਹੱਤਵਪੂਰਨ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਇਹ ਮਾਮਲਾ ਕੁਲਦੀਪ ਸਿੰਘ ਅਤੇ ਹੋਰਾਂ ਬਨਾਮ ਪੰਜਾਬ ਰਾਜ ਆਦਿ ਨਾਲ ਸੰਬੰਧਿਤ ਹੈ, ਜਿਸ ਵਿੱਚ ਕਾਨੂੰਨੀ ਕਾਰਵਾਈ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਕਮਿਸ਼ਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜਸਵੀਰ ਕੌਰ, ਪੰਚ ਬੰਸਾ ਸਿੰਘ, ਪੰਚ ਅਮਰੀਕ ਸਿੰਘ ਅਤੇ ਹੋਰਾਂ ਖ਼ਿਲਾਫ਼ ਐਸ.ਸੀ./ਐਸ.ਟੀ ਐਕਟ ਤਹਿਤ ਐਫ.ਆਈ.ਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਸ੍ਰੀਮਤੀ ਅਮਨਦੀਪ ਕੌਰ, ਸਰਪੰਚ, ਪਤਨੀ ਸ੍ਰੀ ਕੁਲਦੀਪ ਸਿੰਘ, ਵਾਸੀ ਗ੍ਰਾਮ ਪੰਚਾਇਤ ਚੰਦ ਭਾਨ, ਬਲਾਕ ਜੈਤੋ, ਜ਼ਿਲ੍ਹਾ ਫਰੀਦਕੋਟ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਮਿਸ਼ਨ ਨੇ ਇਸ ਮਾਮਲੇ ਦੀ ਸੁਣਵਾਈ ਲਈ 25 ਮਾਰਚ 2026 ਦੀ ਤਾਰੀਖ ਨਿਰਧਾਰਿਤ ਕੀਤੀ ਹੈ।
ਬੁਲਾਰੇ ਅਨੁਸਾਰ, ਪੰਜਾਬ ਪੁਲਿਸ ਵੱਲੋਂ ਪਹਿਲਾਂ ਭੇਜੀ ਗਈ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਕਮਿਸ਼ਨ ਨੇ ਹੋਰ ਸਪਸ਼ਟੀਕਰਨ ਅਤੇ ਵਿਸਥਾਰ ਮੰਗਿਆ ਹੈ। ਖ਼ਾਸ ਤੌਰ ‘ਤੇ, ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਸਪੈਸ਼ਲ ਲੀਵ ਪਟੀਸ਼ਨ ਨੰਬਰ 13440 ਆਫ਼ 2025 ਨੂੰ ਧਿਆਨ ਵਿੱਚ ਰੱਖਦਿਆਂ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ ਦੋਸ਼ੀਆਂ ਦੀ ਸੰਭਾਵਿਤ ਗ੍ਰਿਫ਼ਤਾਰੀ, ਕੀਤੀ ਗਈ ਜਾਂਚ ਅਤੇ ਹੋਰ ਕਾਨੂੰਨੀ ਕਾਰਵਾਈ ਸਬੰਧੀ ਪੂਰੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ।
ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਰਿਪੋਰਟ ਡੀ.ਐਸ.ਪੀ. ਦਰਜੇ ਦੇ ਅਧਿਕਾਰੀ ਦੁਆਰਾ ਜਾਂਚ ਕਰਵਾ ਕੇ ਤਿਆਰ ਕੀਤੀ ਜਾਵੇ ਅਤੇ ਨਿਰਧਾਰਿਤ ਮਿਤੀ 25 ਮਾਰਚ 2026 ਤੱਕ ਕਮਿਸ਼ਨ ਕੋਲ ਪੇਸ਼ ਕੀਤੀ ਜਾਵੇ। ਇਸ ਕਦਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਮਾਮਲੇ ਦੀ ਜਾਂਚ ਨਿਰਪੱਖ, ਪਾਰਦਰਸ਼ੀ ਅਤੇ ਕਾਨੂੰਨੀ ਮਾਪਦੰਡਾਂ ਅਨੁਸਾਰ ਹੋਵੇ, ਅਤੇ ਪੀੜਤ ਪੱਖ ਨੂੰ ਨਿਆਂ ਮਿਲ ਸਕੇ।
