
ਨਵੀਂ ਦਿੱਲੀ, 5 ਮਾਰਚ 2026: ਭਾਰਤ ਸਰਕਾਰ ਨੇ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਦਿੱਲੀ ਵਿੱਚ ਈਰਾਨ ਦੇ ਰਾਜਦੂਤ ਨਾਲ ਮੁਲਾਕਾਤ ਕਰਦੇ ਹੋਏ ਸ਼ੋਕ ਰਜਿਸਟਰ ਵਿੱਚ ਦਸਤਖਤ ਕੀਤੇ। ਖਾਮਨੇਈ ਦੀ ਮੌਤ ਐਤਵਾਰ ਨੂੰ ਤਹਿਰਾਨ ਵਿੱਚ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲੇ ਦੌਰਾਨ ਹੋਈ ਸੀ।
ਇਹ ਕਦਮ ਭਾਰਤ ਦੇ ਰੁਖ ਵਿੱਚ ਹਲਕੀ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਸ ਹਵਾਈ ਹਮਲੇ ਦੀ ਖੁੱਲ੍ਹੀ ਨਿੰਦਾ ਨਹੀਂ ਕੀਤੀ ਸੀ ਅਤੇ ਰਸਮੀ ਬਿਆਨ ਜਾਰੀ ਕਰਨ ਦੀ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਸੰਭਲਿਆ ਹੋਇਆ ਮੌਨ ਬਣਾਈ ਰੱਖਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪੂਰਬ ਦੀ ਤਾਜ਼ਾ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਹਮੇਸ਼ਾ ਟਕਰਾਵਾਂ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤਿਕ ਰਸਤੇ ਦੀ ਹਮਾਇਤ ਕਰਦਾ ਆਇਆ ਹੈ।
ਵਿਰੋਧੀ ਧਿਰ ਕਾਫ਼ੀ ਸਮੇਂ ਤੋਂ ਸਰਕਾਰ ਤੋਂ ਸਪਸ਼ਟ ਸਥਿਤੀ ਲੈਣ ਦੀ ਮੰਗ ਕਰ ਰਹੀ ਸੀ ਅਤੇ ਉਸਦਾ ਕਹਿਣਾ ਹੈ ਕਿ ਈਰਾਨ ਨਾਲ ਭਾਰਤ ਦੇ ਇਤਿਹਾਸਕ ਸਬੰਧਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਗੌਰਤਲਬ ਹੈ ਕਿ ਇੱਕ ਸਮੇਂ ਭਾਰਤ ਆਪਣੀਆਂ ਕੁੱਲ ਤੇਲ ਜ਼ਰੂਰਤਾਂ ਦਾ ਲਗਭਗ 13 ਫ਼ੀਸਦੀ ਹਿੱਸਾ ਈਰਾਨ ਤੋਂ ਆਯਾਤ ਕਰਦਾ ਸੀ ਅਤੇ ਦੋਨੋਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਵੀ ਮਜ਼ਬੂਤ ਸਨ। ਪਰ ਜਦੋਂ ਈਰਾਨ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹਟਿਆ ਅਤੇ ਅਮਰੀਕਾ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ, ਤਾਂ ਦੋਪੱਖੀ ਵਪਾਰ ਵਿੱਚ ਤੇਜ਼ੀ ਨਾਲ ਕਮੀ ਆ ਗਈ।
