
ਚੰਡੀਗੜ੍ਹ, 28 ਫਰਵਰੀ 2026: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗ ਨਾਗਰਿਕਾਂ ਨੂੰ ਸਮਾਜ ਦੀ ਕੀਮਤੀ ਵਿਰਾਸਤ ਮੰਨਦਿਆਂ ਉਨ੍ਹਾਂ ਦੀ ਸਿਹਤ, ਸੁਰੱਖਿਆ ਅਤੇ ਮਰਿਆਦਾ ਦੀ ਰੱਖਿਆ ਲਈ ਨਿਰੰਤਰ ਮਨੁੱਖੀ ਅਤੇ ਸੰਵੇਦਨਸ਼ੀਲ ਕਦਮ ਚੁੱਕ ਰਹੀ ਹੈ। “ਸਾਡੇ ਬਜ਼ੁਰਗ ਸਾਡਾ ਮਾਣ” ਰਾਜ ਪੱਧਰੀ ਅਭਿਆਨ ਅਧੀਨ ਲਗਾਏ ਗਏ ਸਿਹਤ ਜਾਂਚ ਕੈਂਪਾਂ ਰਾਹੀਂ 22 ਹਜ਼ਾਰ ਤੋਂ ਵੱਧ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਨਾਲ ਜੋੜਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਸ਼ਨ ਪਲਾਨ ਤਹਿਤ ਵਿੱਤੀ ਸਾਲ 2025–26 ਲਈ ਬਜ਼ੁਰਗਾਂ ਦੀ ਸੰਪੂਰਨ ਭਲਾਈ ਵਾਸਤੇ ₹7.86 ਕਰੋੜ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ। ਇਸਦਾ ਮੁੱਖ ਉਦੇਸ਼ ਸਿਹਤ ਸੇਵਾਵਾਂ ਨੂੰ ਬਜ਼ੁਰਗਾਂ ਦੇ ਨਜ਼ਦੀਕ ਲੈ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ 6622 ਬਜ਼ੁਰਗਾਂ ਦਾ ਸਧਾਰਣ ਸਿਹਤ ਮੁਆਇਨਾ, 2544 ਦਾ ਹੱਡੀਆਂ-ਜੋੜਾਂ ਨਾਲ ਸੰਬੰਧਤ ਜਾਂਚ ਅਤੇ 4719 ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ 2267 ਨੇ ਯੋਗਾ ਸੈਸ਼ਨਾਂ, 1676 ਨੇ ਹੋਮਿਓਪੈਥਿਕ ਅਤੇ 2054 ਨੇ ਆਯੁਰਵੇਦਿਕ ਇਲਾਜ ਦਾ ਲਾਭ ਲਿਆ। ਕਈਆਂ ਨੂੰ ਸਹਾਇਕ ਉਪਕਰਣ ਵੀ ਪ੍ਰਦਾਨ ਕੀਤੇ ਗਏ, ਜਿਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਆਇਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਲੀਮਕੋ ਯੋਜਨਾ ਹੇਠ 421 ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਹੋਈ, ਜਿਨ੍ਹਾਂ ਵਿੱਚੋਂ 89 ਨੂੰ ਵੀਲਚੇਅਰ, ਐਨਕਾਂ ਅਤੇ ਸੁਣਨ ਯੰਤਰ ਦਿੱਤੇ ਗਏ। ਨਾਲ ਹੀ 566 ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਫਾਰਮ ਤਿਆਰ ਕੀਤੇ ਗਏ ਅਤੇ 455 ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਇਹ ਕੈਂਪ ਸਫਲਤਾਪੂਰਵਕ ਆਯੋਜਿਤ ਹੋ ਚੁੱਕੇ ਹਨ, ਜਦਕਿ ਫਰੀਦਕੋਟ ਅਤੇ ਸੰਗਰੂਰ ਵਿੱਚ ਜਲਦੀ ਹੀ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਮੋਤੀਆਬਿੰਦ ਸਰਜਰੀ ਲਈ ਰੈਫਰਲ, ਮੁਫ਼ਤ ਸਹਾਇਕ ਉਪਕਰਣ, ਪੈਨਸ਼ਨ ਸਹੂਲਤ, ਸੀਨੀਅਰ ਸਿਟੀਜ਼ਨ ਕਾਰਡ, ਯੋਗਾ ਕੈਂਪ ਅਤੇ ਕਾਨੂੰਨੀ ਜਾਗਰੂਕਤਾ ਵਰਗੀਆਂ ਸੇਵਾਵਾਂ ਇੱਕੋ ਥਾਂ ਉਪਲਬਧ ਕਰਵਾਈਆਂ ਗਈਆਂ।
ਇਸ ਮੁਹਿੰਮ ਤਹਿਤ 5110 ਬਜ਼ੁਰਗਾਂ ਨੂੰ ਮੈਂਟੇਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ–2007 ਬਾਰੇ ਜਾਣਕਾਰੀ ਦਿੱਤੀ ਗਈ। ਬਜ਼ੁਰਗਾਂ ਨੂੰ ਸਮਾਜਿਕ ਤੌਰ ‘ਤੇ ਸਰਗਰਮ ਬਣਾਉਣ ਲਈ ਉਤਪਾਦਕ ਅਤੇ ਪੀੜ੍ਹੀ ਦਰ ਪੀੜ੍ਹੀ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 459 ਨੇ ਐਕਟਿਵ ਏਜਿੰਗ ਕੈਂਪਾਂ ਅਤੇ 2192 ਨੇ ਗਿੱਧਾ, ਭੰਗੜਾ, ਕਵਿਤਾ ਅਤੇ ਨਾਟਕ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ 3005 ਬਜ਼ੁਰਗਾਂ ਨੇ ਯੋਗਾ ਕੈਂਪਾਂ ਰਾਹੀਂ ਸਿਹਤਮੰਦ ਜੀਵਨ ਦੀ ਸ਼ੁਰੂਆਤ ਕੀਤੀ।
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 14567 ਵੀ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਸੰਪਰਕ ਕਰਕੇ ਕੋਈ ਵੀ ਬਜ਼ੁਰਗ ਤੁਰੰਤ ਮਦਦ ਪ੍ਰਾਪਤ ਕਰ ਸਕਦਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਨਮੋਲ ਧਰੋਹਰ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਰਕਾਰ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਪਰਿਵਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਨੂੰ ਸਰਕਾਰੀ ਸਹੂਲਤਾਂ ਨਾਲ ਜੋੜਨ ਵਿੱਚ ਸਹਿਯੋਗ ਦਿੱਤਾ ਜਾਵੇ।
