
ਚੰਡੀਗੜ੍ਹ, 28 ਫਰਵਰੀ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚਲਾਈ ਜਾ ਰਹੀ ਵਿੱਢੀ ਮੁਹਿੰਮ ਦੌਰਾਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ ਨੇ ਵਿਦੇਸ਼-ਆਧਾਰਤ ਅੱਤਵਾਦੀ ਮਾਡਿਊਲ ਨਾਲ ਜੁੜੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦੋਸ਼ੀਆਂ ਕੋਲੋਂ ਲਗਭਗ 2.5 ਕਿਲੋਗ੍ਰਾਮ ਆਰਡੀਐਕਸ ਨਾਲ ਤਿਆਰ ਪੂਰੀ ਤਰ੍ਹਾਂ ਅਸੈਂਬਲ ਕੀਤਾ ਗਿਆ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਇੱਕ ਗਲੌਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਾਵੀਰ ਕੁਮਾਰ ਉਰਫ਼ ਕਾਕਾ, ਵਾਸੀ ਪਿੰਡ ਕਲਾਮ ਜ਼ਿਲ੍ਹਾ ਐਸਬੀਐਸ ਨਗਰ (ਮੌਜੂਦਾ ਪਤਾ ਘਨੌਲੀ, ਰੂਪਨਗਰ) ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ, ਵਾਸੀ ਪਿੰਡ ਕਲਾਮ ਐਸਬੀਐਸ ਨਗਰ ਵਜੋਂ ਹੋਈ ਹੈ। ਬਰਾਮਦ ਕੀਤਾ ਗਿਆ ਆਈਈਡੀ ਰਿਮੋਟ ਅਤੇ ਟਾਈਮਰ ਦੋਹਾਂ ਤਰੀਕਿਆਂ ਨਾਲ ਧਮਾਕਾ ਕਰਨ ਯੋਗ ਸੀ, ਜਿਸ ਨਾਲ ਇਸਦੀ ਖ਼ਤਰਨਾਕ ਸਮਰੱਥਾ ਸਾਬਤ ਹੁੰਦੀ ਹੈ।
ਡੀਜੀਪੀ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਖੇਪ ਹਾਸਲ ਕਰਨ ਤੋਂ ਬਾਅਦ ਆਈਈਡੀ ਨੂੰ ਐਸਬੀਐਸ ਨਗਰ ਬਾਈਪਾਸ ਨੇੜੇ ਛੁਪਾ ਦਿੱਤਾ ਸੀ ਅਤੇ ਅੱਗੇ ਦੇ ਟਾਰਗੇਟ ਸਬੰਧੀ ਹੁਕਮਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡਿਵਾਈਸ ਪੂਰੀ ਤਰ੍ਹਾਂ ਤਿਆਰ ਹਾਲਤ ਵਿੱਚ ਸੀ, ਜੋ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਮਾਡਿਊਲ ਅਤੇ ਇਸ ਨਾਲ ਜੁੜੇ ਸਪਲਾਈ ਨੈੱਟਵਰਕ, ਫੰਡਿੰਗ ਲਿੰਕਾਂ ਅਤੇ ਹੋਰ ਸਾਥੀਆਂ ਦੀ ਪਛਾਣ ਲਈ ਵਿਸਥਾਰਪੂਰਵਕ ਜਾਂਚ ਜਾਰੀ ਹੈ।
ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਐਸਏਐਸ ਨਗਰ ਦੀਪਕ ਪਾਰੀਕ ਨੇ ਦੱਸਿਆ ਕਿ ਖੁਫੀਆ ਇਨਪੁੱਟ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਜ਼ਿਲ੍ਹਾ ਐਸਬੀਐਸ ਨਗਰ ਵਿੱਚ ਕਾਰਵਾਈ ਕਰਦਿਆਂ ਮਹਾਵੀਰ ਉਰਫ਼ ਕਾਕਾ ਅਤੇ ਉਸਦੇ ਸਾਥੀ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ। ਗ੍ਰਿਫ਼ਤਾਰੀ ਸਮੇਂ ਮਹਾਵੀਰ ਕੋਲੋਂ ਇੱਕ ਗਲੌਕ ਪਿਸਤੌਲ ਬਰਾਮਦ ਹੋਈ।
ਲਗਾਤਾਰ ਪੁੱਛਗਿੱਛ ਦੌਰਾਨ ਮਹਾਵੀਰ ਨੇ ਖੁਲਾਸਾ ਕੀਤਾ ਕਿ ਉਸਨੇ ਆਰਡੀਐਕਸ ਨਾਲ ਭਰੀ ਆਈਈਡੀ ਪ੍ਰਾਪਤ ਕਰਕੇ ਐਸਬੀਐਸ ਨਗਰ ਬਾਈਪਾਸ ਨੇੜੇ ਲੁਕਾਈ ਹੋਈ ਹੈ। ਉਸਦੇ ਦੱਸੇ ਟਿਕਾਣੇ ‘ਤੇ ਛਾਪਾ ਮਾਰਕੇ ਪੁਲਿਸ ਨੇ ਆਈਈਡੀ ਅਤੇ ਇੱਕ ਰਿਮੋਟ ਕੰਟਰੋਲ ਡਿਵਾਈਸ ਬਰਾਮਦ ਕਰ ਲਿਆ।
ਇਸ ਸਬੰਧੀ ਥਾਣਾ ਐਸਐਸਓਸੀ ਮੋਹਾਲੀ, ਐਸਏਐਸ ਨਗਰ ਵਿੱਚ ਵਿਸਫੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।
