Saturday, May 23Punjabi People

ਪੀਐਮ ਮੋਦੀ ਅਤੇ ਨੇਤਨਯਾਹੂ ਦੀ ਮੁਲਾਕਾਤ ਦੌਰਾਨ ਭਾਰਤ-ਇਜ਼ਰਾਈਲ ਵਿਚ ਕਈ ਅਹਿਮ ਸਮਝੌਤੇ, ਦੋਵੇਂ ਦੇਸ਼ ਦਹਿਸ਼ਤਗਰਦੀ ਵਿਰੁੱਧ ਇਕਜੁੱਟ

ਨਵੀਂ ਦਿੱਲੀ 26 ਫਰਬਰੀ 2026: ਭਾਰਤ ਅਤੇ ਇਜ਼ਰਾਈਲ ਦੇ ਦੋਤਰਫ਼ਾ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹਾਜ਼ਰੀ ਵਿੱਚ ਕਈ ਅਹਿਮ ਸਮਝੌਤਿਆਂ (ਐਮਓਯੂ) ‘ਤੇ ਹਸਤਾਖਰ ਕੀਤੇ ਗਏ।

ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ “ਸ਼ਾਲੋਮ” ਸ਼ਬਦ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੇ ਵਫ਼ਦ ਵੱਲੋਂ ਕੀਤੇ ਗਏ ਗਰਮਜੋਸ਼ੀ ਭਰੇ ਸਵਾਗਤ ਲਈ ਧੰਨਵਾਦ ਪ੍ਰਗਟਾਇਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨੌਂ ਸਾਲ ਪਹਿਲਾਂ ਉਨ੍ਹਾਂ ਨੂੰ ਪਹਿਲੀ ਵਾਰ ਇਜ਼ਰਾਈਲ ਆਉਣ ਦਾ ਮੌਕਾ ਮਿਲਿਆ ਸੀ ਅਤੇ ਹੁਣ ਦੁਬਾਰਾ ਇੱਥੇ ਪਹੁੰਚਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਮੌਕਾ ਹੈ।

‘ਕੇਨੇਸੈੱਟ ਮੈਡਲ’ 1.4 ਅਰਬ ਭਾਰਤੀਆਂ ਨੂੰ ਸਮਰਪਿਤ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ‘ਸਪੀਕਰ ਆਫ਼ ਦ ਨੇਸੈੱਟ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਮਾਣ 1.4 ਅਰਬ ਭਾਰਤੀਆਂ ਅਤੇ ਭਾਰਤ-ਇਜ਼ਰਾਈਲ ਦੋਸਤੀ ਨੂੰ ਸਮਰਪਿਤ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਨਮਾਨ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧਾਂ ਅਤੇ ਆਪਸੀ ਭਰੋਸੇ ਦੀ ਨਿਸ਼ਾਨੀ ਹੈ। ਸਮਾਗਮ ਦੌਰਾਨ ਕਈ ਮਹੱਤਵਪੂਰਨ ਕਰਾਰਾਂ ‘ਤੇ ਵੀ ਦਸਤਖਤ ਹੋਏ, ਜਿਸ ਨਾਲ ਦੋਤਰਫ਼ਾ ਸਹਿਯੋਗ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਨੇਤਨਯਾਹੂ ਨੇ ਦੌਰੇ ਨੂੰ ਦੱਸਿਆ ਵਿਸ਼ੇਸ਼

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ “ਅਦਭੁੱਤ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਦੌਰਾ ਛੋਟਾ ਸੀ, ਪਰ ਇਹ ਬਹੁਤ ਹੀ ਸਫਲ ਅਤੇ ਭਾਵਨਾਤਮਕ ਰਿਹਾ।

ਨੇਤਨਯਾਹੂ ਨੇ ਕਿਹਾ ਕਿ ਨੇਸੈੱਟ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਜਜ਼ਬਾਤੀ ਸੰਬੋਧਨ ਤੋਂ ਬਾਅਦ ਇਜ਼ਰਾਈਲ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਦੀਆਂ ਅੱਖਾਂ ਨਮੀ ਤੋਂ ਬਿਨਾਂ ਰਹੀਆਂ ਹੋਣ। ਉਨ੍ਹਾਂ ਨੇ ਜੋੜਿਆ ਕਿ ਇਸ ਯਾਤਰਾ ਨੇ ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਦੇ ਦਿਲਾਂ ਅਤੇ ਸੋਚ ਨੂੰ ਹੋਰ ਨਜ਼ਦੀਕ ਤੋਂ ਸਮਝਣ ਦਾ ਮੌਕਾ ਦਿੱਤਾ।

Leave a Reply

Your email address will not be published. Required fields are marked *